ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਇਹ ਕਾਰਵਾਈ ਜਰਨੈਲ ਸਿੰਘ ਦੇ ਫੇਸਬੁੱਕ ਸਫ਼ੇ ’ਤੇ ਹਿੰਦੂ ਦੇਵੀ ਦੇਵਤਿਆਂ ਬਾਰੇ ਕਥਿਤ ਟਿੱਪਣੀਆਂ ਮਗਰੋਂ ਕੀਤੀ ਗਈ ਹੈ। ਤਿਲਕ ਨਗਰ ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੇ ਹੀ ਆਪਣੇ ਫੇਸਬੁੱਕ ਸਫ਼ੇ ’ਤੇ ਦੱਸਿਆ ਕਿ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਨੂੰ ਪਾਰਟੀ ਨੇ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਕਿਉਂ ਨਾ ਇਸ ਲਈ ਉਨ੍ਹਾਂ (ਸਾਬਕਾ ਵਿਧਾਇਕ) ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਜਾਵੇ।
ਵਿਧਾਇਕ ਮੁਤਾਬਕ ਆਮ ਆਦਮੀ ਪਾਰਟੀ ਦੀ ‘ਪੀਏਸੀ’ ਦੀ ਬੈਠਕ ਵਿੱਚ ਇਹ ਫ਼ੈਸਲਾ ਕੀਤਾ ਗਿਆ। ਇਸ ਸਮੇਂ ਸ੍ਰੀ ਜਰਨੈਲ ਸਿੰਘ ਪੰਜਾਬੀ ਅਕਾਦਮੀ ਦਿੱਲੀ ਦੇ ਮੀਤ ਚੇਅਰਮੈਨ ਵੱਜੋਂ ਸੇਵਾਵਾਂ ਨਿਭਾਅ ਰਹੇ ਹਨ। ਪਾਰਟੀ ਵੱਲੋਂ ਇਹ ਅਨੁਸ਼ਾਸਨੀ ਕਾਰਵਾਈ ਸਾਬਕਾ ਵਿਧਾਇਕ ਵੱਲੋਂ ਹਿੰਦੂ ਦੇਵੀ ਦੇਵਤਿਆਂ ਬਾਰੇ ਵਰਤੀ ਸ਼ਬਦਾਵਲੀ ਕਾਰਨ ਕੀਤੀ ਗਈ ਹੈ। ਉਨ੍ਹਾਂ ਨੇ 2014 ਲੋਕ ਸਭਾ ਚੋਣ ਉਨ੍ਹਾਂ ‘ਆਪ’ ਦੀ ਟਿਕਟ ਉਪਰ ਪੱਛਮੀ ਦਿੱਲੀ ਲੋਕ ਸਭਾ ਤੋਂ ਪ੍ਰਵੇਸ਼ ਵਰਮਾ ਖ਼ਿਲਾਫ਼ ਲੜੀ ਸੀ ਤੇ ਉਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਇਹ ਆਫ਼ਰ ਲੈ ਕੇ ਗਏ ਸਨ। ਉਧਰ ਸ੍ਰੀ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੋਂ ਫੇਸਬੁੱਕ ਸਫ਼ੇ ’ਤੇ ਗ਼ਲਤੀ ਨਾਲ ਕਾਪੀ-ਪੇਸਟ ਹੋ ਗਿਆ ਸੀ। ਸਭ ਨੂੰ ਉਨ੍ਹਾਂ ਦੇ ਅਗਲੇ ਕਦਮ ਦੀ ਉਡੀਕ ਰਹੇਗੀ।