ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੁਲਾਈ
ਬੀਤੀ ਰਾਤ ਤੋਂ ਲਗਾਤਾਰ ਦਿੱਲੀ ਵਿੱਚ ਪੈ ਰਹੇ ਮੀਂਹ ਕਾਰਨ ਕੌਮੀ ਰਾਜਧਾਨੀ ਵਿੱਚ ਥਾਂ-ਥਾਂ ਪਾਣੀ ਭਰਨ ਕਾਰਨ ਦਿੱਲੀ ਦੇ ਲੋਕ ਪ੍ਰੇਸ਼ਾਨ ਹੋਏ ਤੇ ਕਈਆਂ ਨੇ ਪ੍ਰਸ਼ਾਸਨ ਨੂੰ ਕੋਸਿਆ। ਸਵੇਰੇ ਜਦੋਂ ਦਿੱਲੀ ਵਾਸੀ ਸੌਂ ਕੇ ਉੱਠੇ ਤਾਂ ਮੀਂਹ ਨੇ ਠੰਢੀ ਸਵੇਰ ਨੂੰ ਉਨ੍ਹਾਂ ਦਾ ਸਵਾਗਤ ਕੀਤਾ। ਖ਼ਬਰ ਲਿਖੇ ਜਾਣ ਤੱਕ 70 ਮਿਲੀਮੀਟਰ ਮੀਂਹ ਦਿੱਲੀ ਵਿੱਚ ਪੈ ਚੁੱਕਿਆ ਸੀ ਤੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ ਦੋ ਦਿਨ ਦਿੱਲੀ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਂਦਾ ਰਹੇਗਾ। ਇਸੇ ਕਰਕੇ ‘ਓਰੇਂਜ ਅਰਲਟ’ ਜਾਰੀ ਕੀਤਾ ਜਾ ਚੁੱਕਾ ਹੈ। ਮੈਟਰੋ ਦੇ ਚੌਥੇ ਪੜਾਅ ਦੀ ਉਸਾਰੀ ਤੇ ਹੋਰ ਕਾਰਜਾਂ ਲਈ ਜ਼ਮੀਨ ਪੁੱਟੀ ਹੋਈ ਹੈ ਉੱਥੇ ਜ਼ਮੀਨ ਪੋਲੀ ਹੋ ਗਈ ਜਿਸ ਕਰਕੇ ਲੋਕਾਂ ਦਾ ਜਾਣਾ-ਆਉਣਾ ਦੁੱਭਰ ਹੋਇਆ ਪਿਆ ਹੈ। ਮੀਂਹ ਦਾ ਪਾਣੀ ਸ਼ਹਿਰ ਦੀਆਂ ਕਈ ਅਹਿਮ ਸੜਕਾਂ ਤੇ ਰੁਝੇ ਰਹਿਣ ਵਾਲੇ ਚੌਕਾਂ ਉਪਰ ਖੜ੍ਹਾ ਹੋ ਗਿਆ ਜਿਸ ਕਾਰਨ ਗੱਡੀ ਚਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਝੱਲਣੀ ਪਈ, ਖ਼ਾਸ ਕਰਕੇ ਦੋ ਪਹੀਆ ਵਾਹਨਾਂ ਵਿੱਚ ਪਾਣੀ ਭਰਨ ਕਾਰਨ ਸਕੂਟਰ/ਮੋਟਰਸਾਈਕਲ ਖਰਾਬ ਹੁੰਦੇ ਦੇਖੇ ਗਏ। ਦਿੱਲੀ ਦੀ ਸਭ ਤੋਂ ਅਹਿਮ ਸੜਕ ਰਿੰਗ ਰੋਡ ਉਪਰ ਕਈ ਥਾਵਾਂ ਉਪਰ ਪਾਣੀ ਭਰਨ ਦੀਆਂ ਸ਼ਿਕਾਇਤਾਂ ਲੋਕ ਨਿਰਮਾਣ ਮਹਿਕਮੇ ਕੋਲ ਪੁੱਜੀਆਂ। ਆਈਟੀਓ, ਪੁੱਲ ਪ੍ਰਹਿਲਾਦਪੁਰ, ਪ੍ਰਗਤੀ ਮੈਦਾਨ, ਆਸ਼ਰਮ, ਪਾਲਮ, ਕਿਰਾਰੀ, ਰੋਹਤਕ ਰੋਡ ਤੇ ਆਜ਼ਾਦਪੁਰ ਵਰਗੇ ਇਲਾਕੇ ਮੀਂਹ ਕਾਰਨ ਭਰੇ ਪਾਣੀ ਦੀ ਮਾਰ ਹੇਠ ਆਏ।
ਦਿੱਲੀ ਟਰੈਫਿਕ ਪੁਲੀਸ ਨੂੰ ਆਵਾਜਾਈ ਸੁਚਾਰੂ ਰੂਪ ਵਿੱਚ ਚਲਾਉਣ ਲਈ ਖਾਸੀ ਮਸ਼ਕਤ ਕਰਨੀ ਪਈ। ਵਾਰ-ਵਾਰ ਟਵਿੱਟਰ ਉਪਰ ਟਰੈਫਿਕ ਪੁਲੀਸ ਨੇ ਸ਼ਹਿਰ ਵਿੱਚ ਜਾਮਾਂ ਦੀ ਸਥਿਤੀ ਬਾਰੇ ਦਿੱਲੀ ਵਾਸੀਆਂ ਨੂੰ ਜਾਣਕਾਰੀ ਦਿੱਤੀ। ਟਿਕਰੀ ਰੋਡ, ਲਾਮਪੁਰ ਅੰਡਰਪਾਸ, ਨਰੇਲਾ ਦੇ ਰਾਮਦੇਵ ਚੌਕ ਤੇ ਹੋਰ ਥਾਵਾਂ ਉਪਰ ਪਾਣੀ ਭਰਨ ਬਾਰੇ ਦੱਸਿਆ ਗਿਆ ਤੇ ਲੋਕਾਂ ਨੂੰ ਬਦਲਵੇਂ ਰੂਟ ਲੈਣ ਦੀ ਸਲਾਹ ਵੀ ਦਿੱਤੀ ਗਈ। ਸੇਖ਼ ਸਰਾਏ ਤੋਂ ਸਾਕੇਤ ਵੱਲ ਜਾਂਦੇ ਮਾਰਗ ਉਪਰ ਪਾਣੀ ਭਰ ਗਿਆ। ਇਸੇ ਤਰ੍ਹਾਂ ਵਿਵੇਕਾਨੰਦ ਮਾਰਗ ਤੋਂ ਅਫਰੀਕ ਐਵਨਿਊ ਦਾ ਮਾਰਗ ਆਵਾਜਾਈ ਲਈ ਬੰਦ ਕਰਨਾ ਪਿਆ। ਮਲੇਨੀਅਮ ਪਾਰਕ, ਸਰਾਏ ਕਾਲੇ ਖ਼ਾਂ ਮਾਰਗ, ਆਈਪੀ ਫਲਾਈਓਵਰ, ਧੌਲਾ ਕੂੰਆਂ, ਵਿਕਾਸ ਮਾਰਗ ਉਪਰ ਵੀ ਆਵਾਜਾਈ ਸੁਸਤ ਰਫ਼ਤਾਰ ਨਾਲ ਚੱਲੀ। ਮੌਸਮ ਵਿਭਾਗ ਮੁਤਾਬਕ ਕੁੱਝ ਪੌਦਿਆਂ, ਬਾਗ਼ਬਾਨੀ, ਖੜ੍ਹੀਆਂ ਫਸਲਾਂ ਤੇ ਕੱਚੇ ਮਕਾਨਾਂ ਨੂੰ ਨੁਕਸਾਨ ਹੋਣ ਦੇ ਖਦਸ਼ੇ ਹਨ। ਕਈ ਲੋਕਾਂ ਨੇ ਸੋਸ਼ਲ ਮੀਡੀਆ ਉਪਰ ਪ੍ਰਸ਼ਾਸਨ ਵੱਲੋਂ ਅਗਾਊਂ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਕੋਸਿਆ।
ਕੇਜਰੀਵਾਲ ਵੱਲੋਂ ਅਧਿਕਾਰੀਆਂ ਨਾਲ ਚਰਚਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪਾਣੀ ਭਰਨ ਦੀ ਸਮੱਸਿਆ ਬਾਰੇ ਅਧਿਕਾਰੀਆਂ ਨਾਲ ਚਰਚਾ ਕੀਤੀ ਤੇ ਕਿਹਾ ਕਿ ਰਾਜਧਾਨੀ ਵਿੱਚ ਵਧੀਆ ਕਿਸਮ ਦਾ ‘ਡਰੇਨਜ਼ ਸਿਸਟਮ’ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਵੱਲੋਂ ਮਿੰਟੋ ਬ੍ਰਿਜ ਹੇਠਾਂ ਪਾਣੀ ਨਾ ਭਰਨ ਦੇਣ ਦਾ ਸਿਸਟਮ ਲਾਉਣ ਲਈ ਪ੍ਰਸੰਸਾ ਕੀਤੀ ਪਰ ਅੱਜ ਫਿਰ ਇਸੇ ਪੁਲ ਹੇਠਾਂ ਦੋ ਟੈਂਪੂ ਤੇ ਇੱਕ ਬੱਸ ਪਾਣੀ ਵਿੱਚ ਫਸ ਗਏ। ਆਮ ਹੀ ਮਿੰਟੋ ਰੋਡ ਹੇਠਾਂ ਪਾਣੀ ਭਰਨਾ ਹਰ ਸਾਲ ਦਾ ਵਰਤਾਰਾ ਬਣ ਚੁੱਕਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਆਮ ਹੀ ਗੱਲ ਕਰਦੇ ਹਨ ਕਿ ਜਦੋਂ ਮਿੰਟੋ ਪੁਲ ਹੇਠਾਂ ਪਾਣੀ ਭਰ ਜਾਵੇ ਤਾਂ ਮੌਨਸੂਨ ਆ ਗਈ। ਉਨ੍ਹਾਂ ਕਿਹਾ ਕਿ ਅਜਿਹੇ 147 ਥਾਵਾਂ ਦੀ ਨਿਸ਼ਾਨਦੇਹੀ ਅਧਿਕਾਰੀਆਂ ਨੇ ਕੀਤੀ ਹੈ ਤੇ ਦਿੱਲੀ ਵਿੱਚ ਵਧੀਆ ਡਰੇਨਜ਼ ਸਿਸਟਮ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਦਿੱਲੀ ਜਲ ਬੋਰਡ, ਲੋਕ ਨਿਰਮਾਣ ਮਹਿਕਮਾ ਤੇ ਦਿੱਲੀ ਨਗਰ ਨਿਗਮ ਜੋ ਵੱਖ-ਵੱਖ ਕੰਮ ਕਰਦੇ ਹਨ ਵਿਚ ਬਿਹਤਰ ਤਾਲਮੇਲ ਦੀ ਲੋੜ ਹੈ।
ਅੰਦੋਲਨਕਾਰੀ ਕਿਸਾਨਾਂ ਨੂੰ ਹੋਈ ਪ੍ਰੇਸ਼ਾਨੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ਉਪਰ ਮੋਰਚੇ ਗੱਡੀ ਬੈਠੇ ਕਿਸਾਨਾਂ ਲਈ ਲਗਾਤਾਰ ਪੈ ਰਹੇ ਮੀਂਹ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਟਿਕਰੀ ਰੋਡ ਉਪਰ ਪਾਣੀ ਭਰਨ ਕਾਰਨ ਜਿੱਥੇ ਉਸ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਇੱਥੇ ਧਰਨਾ ਦੇ ਰਹੇ ਕਿਸਾਨਾਂ ਨੂੰ ਮੀਂਹ ਨੇ ਤੰਗ ਕੀਤਾ। ਕਿਸਾਨ ਗੁਰਜੰਟ ਸਿੰਘ ਭੁੱਚੋ ਨੇ ਦੱਸਿਆ ਕਿ ਰਾਤ ਤੋਂ ਪੈ ਰਹੇ ਮੀਂਹ ਕਾਰਨ ਬਾਜ਼ਾਰ ਵਿੱਚ ਪਾਣੀ ਭਰ ਗਿਆ। ਦੁਕਾਨਾਂ ਦੇਰ ਨਾਲ ਖੁੱਲ੍ਹੀਆਂ ਤੇ ਹਾਕਰ ਅਖ਼ਬਾਰਾਂ ਤੱਕ ਨਹੀਂ ਵੰਡ ਸਕੇ। ਕਿਸਾਨਾਂ ਦੀਆਂ ਝੌਂਪੜੀਆਂ ਵਿੱਚ ਪਾਣੀ ਭਰ ਗਿਆ। ਸਿੰਘੂ ਬਾਰਡਰ ਉਪਰ ਵੀ ਕਿਸਾਨਾਂ ਨੂੰ ਮੀਂਹ ਨਾਲ ਸਿੱਝਣਾ ਪਿਆ।
ਸੈਲਫੀ ਲੈਂਦਾ ਨੌਜਵਾਨ ਪਾਣੀ ’ਚ ਰੁੜ੍ਹਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰੀ ਮੀਂਹ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। 27 ਸਾਲਾਂ ਦੇ ਨੌਜਵਾਨ ਦੀ ਪਛਾਣ ਰਵੀ ਚੌਟਾਲਾ ਦੇ ਰੂਪ ਵਿੱਚ ਹੋਈ ਜੋ ਜੈਤਪੁਰ ਦਾ ਰਹਿਣ ਵਾਲਾ ਸੀ। ਦੱਖਣੀ ਦਿੱਲੀ ਦੇ ਡੀਸੀਪੀ ਆਰਪੀ ਮੀਣਾ ਨੇ ਦੱਸਿਆ ਕਿ ਡੇਢ ਵਜੇ ਮਗਰੋਂ ਸੂਚਨਾ ਮਿਲੀ ਕਿ ਪੁੱਲ ਪ੍ਰਹਿਲਾਦਪੁਰ ਹੇਠਾਂ ਭਰੇ ਪਾਣੀ ਵਿੱਚ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਉਹ ਪਾਣੀ ਨਾਲ ਆਪਣੇ ਮੋਬਾਈਲ ਤੋਂ ‘ਸੈਲਫੀ’ ਲੈ ਰਿਹਾ ਸੀ ਕਿ ਉਸ ਦਾ ਪੈਰ ਤਿਲਕ ਗਿਆ ਤੇ ਮੀਂਹ ਦੇ ਪਾਣੀ ਵਿੱਚ ਡਿੱਗ ਗਿਆ। ਮੀਣਾ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਨੌਜਵਾਨ ਦੇ ਡੁੱਬਣ ਦੀ ਸੂਚਨਾ ਦਿੱਤੀ ਤੇ ਤੁਰੰਤ ਗੋਤਾਖੋਰ ਤੇ ਅੱਗ ਬੁਝਾਊ ਇੰਜਣ ਮੌਕੇ ਉਪਰ ਭੇਜੇ ਗਏ। ਕੁੱਝ ਸਮੇਂ ਵਿੱਚ ਹੀ ਉਸ ਨੂੰ ਬਾਹਰ ਕੱਢਿਆ ਗਿਆ ਪਰ ਬਚਾਇਆ ਨਾ ਜਾ ਸਕਿਆ। ਲੋਕਾਂ ਮੁਤਾਬਕ ਉਹ ਪਾਣੀ ਨੇੜੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਰੋਡ ਦੀ ਆਵਾਜਾਈ ਬੰਦ ਕੀਤੀ ਹੋਈ ਸੀ।
ਐੱਨਐਚਪੀਸੀ ਚੌਕ ਕੋਲ ਸੜਕ ਨੇ ਧਾਰਿਆ ਨਹਿਰ ਦਾ ਰੂਪ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ):ਇਸ ਸਨਅਤੀ ਸ਼ਹਿਰ ਵਿੱਚ ਪਏ ਭਰਵੇਂ ਮੀਂਹ ਨੇ ਇਸ ਸਮਾਰਟ ਸਿਟੀ ਦੀ ਦਿੱਖ ਨੂੰ ਬਦਨੁਮਾ ਕਰ ਦਿੱਤਾ। ਮਥੁਰਾ ਰੋਡ ਉਪਰ ਬੱਲਭਗੜ੍ਹ ਤੇ ਐੱਨਐਚਪੀਸੀ ਚੌਕ ਕੋਲ ਸੜਕ ਨਹਿਰ ਦਾ ਰੂਪ ਧਾਰ ਗਈ ਤੇ ਜਿਸ ਕਰਕੇ ਸਵੇਰੇ ਆਪਣੇ ਕੰਮਾਂ, ਕਾਰੋਬਾਰਾਂ ਨੂੰ ਜਾਣ ਵਾਲਿਆਂ ਲਈ ਬਹੁਤ ਮੁਸ਼ਕਲ ਹੋਈ। ਸ਼ਹਿਰ ਦੀਆਂ ਨੀਵੇਂ ਥਾਵਾਂ ਉਪਰ ਬਣੀਆਂ ਕਲੋਨੀਆਂ ਵਿੱਚ ਪਾਣੀ ਭਰ ਗਿਆ। ਪੁਰਾਣੇ ਫਰੀਦਾਬਾਦ ਦੀ ਸਬਜ਼ੀ ਮੰਡੀ ਤੋਂ ਇਲਾਵਾ ਡਬੂਆ ਮੰਡੀ ਤੋਂ ਇਲਾਵਾ ਐੱਨਆਈਟੀ ਦੇ ਨੰਬਰ-1,2,3 ਤੇ ਪੰਜ ਵਿੱਚ ਪਾਣੀ ਸੜਕਾਂ ਦੇ ਉਪਰੋਂ ਵਗ ਰਿਹਾ ਸੀ। ਸਥਾਨਕ ਕੌਂਸਲਰ ਜਸਵੰਤ ਸਿੰਘ ਨੇ ਦੱਸਿਆ ਕਿ ਨਾਲੀਆਂ ਵਿੱਚ ਲੋਕਾਂ ਵੱਲੋਂ ਗੰਦ-ਮੰਦ, ਕੂੜਾ ਆਦਿ ਸੁੱਟ ਦੇਣ ਕਾਰਨ ਨਾਲੇ ਤੇ ਨਾਲੀਆਂ ਆਮ ਹੀ ਜਾਮ ਹੋ ਜਾਂਦੀਆਂ ਹਨ। ਵਿਧਾਇਕ ਨਰਿੰਦਰ ਗੁਪਤਾ ਨੇ ਕਿਹਾ ਕਿ ਸਮਾਰਟ ਸਿਟੀ ਤਹਿਤ ਪਾਣੀ ਦੀ ਨਿਕਾਸੀ ਦਾ ਪ੍ਰਾਜੈਕਟ ਉਸਾਰੀ ਅਧੀਨ ਹੈ ਤੇ ਜਦੋਂ ਇਹ ਪੂਰਾ ਹੋ ਗਿਆ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਡਬੂਆ ਕਲੋਨੀ ਦੀ 60 ਫੁੱਟ ਰੋਡ ਜਲਮਗਨ ਹੋ ਗਈ ਤੇ ਕਈ ਦੁਕਾਨਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਬਾਟਾ ਚੌਕ, ਨੀਲਮ ਚੌਕ ਤੇ ਅਜ਼ਰੌਂਦਾ ਸਮੇਤ ਸਾਰਨ ਚੌਕ ਸਕੂਲ ਰੋਡ, ਸੰਜੇ ਕਲੋਨੀ, ਸਨਅਤੀ ਇਲਾਕਾ ਸੈਕਟਰ-24 ਤੇ ਰਿਹਾਇਸ਼ੀ ਇਲਾਕੇ ਸੈਕਟਰ-23 ਵਿੱਚ ਵੀ ਪਾਣੀ ਭਰਿਆ। ਨਗਰ ਨਿਗਮ ਵੱਲੋਂ ਪਾਣੀ ਭਰਨ ਤੋਂ ਰੋਕਣ ਦੇ ਸਾਰੇ ਉਪਾਅ ਪਹਿਲੀ ਭਰਵੀਂ ਬਾਰਸ਼ ਵਿੱਚ ਧੋਤੇ ਗਏ।