ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਕੌਮੀ ਰਾਜਧਾਨੀ ਦਿੱਲੀ ਤੇ ਇਸ ਦੇ ਆਸ ਪਾਸ ਦੇ ਐੱਨਸੀਆਰ ਦੇ ਇਲਾਕਿਆਂ ਵਿੱਚ ਕਈ ਘੰਟੇ ਮੀਂਹ ਪੈਣ ਕਾਰਨ ਥਾਂ-ਥਾਂ ਪਾਣੀ ਭਰ ਗਿਆ। ਮੀਂਹ ਦੇ ਪਾਣੀ ਨੇ ਆਵਾਜਾਈ ਤੇ ਬਿਜਲੀ ਵਿਵਸਥਾ ਨੂੰ ਪ੍ਰਭਾਵਿਤ ਕੀਤਾ। ਲੋਕਾਂ ਨੂੰ ਟ੍ਰੈਫਿਕ ਜਾਮ ਵਿੱਚ ਸਮਾਂ ਬਰਬਾਦ ਕਰਨਾ ਪਿਆ। ਮੌਸਮ ਮਹਿਕਮੇ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਅਤੇ ਐਨਸੀਆਰ ਦੇ ਸ਼ਹਿਰਾਂ ਵਿਚਕਾਰ ਸਫ਼ਰ ਕਰਨ ਵਾਲਿਆਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।
ਵੀਰਵਾਰ ਸਵੇਰ ਤੋਂ ਹੀ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਸਮੇਤ ਐਨਸੀਆਰ ਦੇ ਸ਼ਹਿਰਾਂ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਪਿਆ। ਗੁਰੂਗ੍ਰਾਮ ਅਤੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ’ਚ ਦੁਪਹਿਰ ਨੂੰ ਭਾਰੀ ਬਾਰਿਸ਼ ਹੋਈ ਅਤੇ ਬਾਰਿਸ਼ ਅਜੇ ਵੀ ਜਾਰੀ ਸੀ। ਗੁਰੂਗ੍ਰਾਮ ’ਚ ਭਾਰੀ ਮੀਂਹ ਕਾਰਨ ਕਈ ਸੜਕਾਂ ’ਤੇ ਪਾਣੀ ਭਰ ਗਿਆ। ਸਾਈਬਰ ਸਿਟੀ ਦੀਆਂ ਸੜਕਾਂ ਮੀਂਹ ਦੇ ਪਾਣੀ ’ਚ ਡੁੱਬ ਗਈਆਂ। ਗੁਰੂਗ੍ਰਾਮ ਦੇ ਚੌਕ ’ਚ ਤੇ ਇਸ ਦੇ ਨਾਲ ਹੀ ਗੁਰੂਗ੍ਰਾਮ ’ਚ ਭਾਰੀ ਮੀਂਹ ਤੋਂ ਬਾਅਦ ਦਿੱਲੀ ਤੋਂ ਜੈਪੁਰ ਹਾਈਵੇਅ ਨੂੰ ਜਾਣ ਵਾਲੀ ਮੇਨ ਲੇਨ 10 ਕਿਲੋਮੀਟਰ ਤੱਕ ਜਾਮ ਹੋ ਗਈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਵੀਰਵਾਰ ਸਵੇਰ ਤੋਂ ਸ਼ਾਮ ਤੱਕ ਰਾਜਧਾਨੀ ਦਿੱਲੀ ਦੇ ਨਾਲ-ਨਾਲ ਐੱਨਸੀਆਰ ਦੇ ਸ਼ਹਿਰਾਂ ’ਚ ਵੀ ਮੀਂਹ ਪੈਣ ਭਵਿੱਖਬਾਣੀ ਕੀਤੀ ਸੀ। ਵੀਰਵਾਰ ਨੂੰ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 30 ਡਿਗਰੀ ਸੈਲਸੀਅਸ ਤੇ 21 ਡਿਗਰੀ ਸੈਲਸੀਅਸ ਸੀ। ਸ਼ਹਿਰ ਦੀ ਬੇਸ ਵੈਦਰ ਆਬਜ਼ਰਵੇਟਰੀ ਸਫਦਰਜੰਗ ਮੌਸਮ ਸਟੇਸ਼ਨ ਨੇ ਸਵੇਰੇ 11.30 ਵਜੇ ਤੋਂ ਦੁਪਹਿਰ 2.30 ਵਜੇ ਦਰਮਿਆਨ 21.4 ਮਿਲੀਮੀਟਰ ਬਾਰਿਸ਼ ਦਰਜ ਕੀਤੀ। ਇਹ ‘ਮੱਧ’ ਸ਼੍ਰੇਣੀ ਵਿੱਚ ਆਉਂਦੀ ਹੈ। ਪਾਲਮ ਮੌਸਮ ਕੇਂਦਰ ਨੇ ਅੱਜ ਦੁਪਹਿਰ ਤੱਕ ਸਭ ਤੋਂ ਵੱਧ 44 ਮਿਲੀਮੀਟਰ ਬਾਰਿਸ਼ ਦਰਜ ਕੀਤੀ ਹੈ। ਆਯਾ ਨਗਰ ਵਿੱਚ 25.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ ਟ੍ਰੈਫਿਕ ਪੁਲੀਸ ਨੇ ਸ਼ਹਿਰ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ। ਯਾਤਰੀਆਂ ਨੂੰ ਪਾਣੀ ਭਰਨ ਕਾਰਨ ਫਿਰਨੀ ਰੋਡ ਤੇ ਟੂਡਾ ਮੰਡੀ ਰੈੱਡ ਲਾਈਟ ਅਤੇ ਨਜਫਗੜ੍ਹ ਦੇ ਵਿਚਕਾਰ ਜਾਣ ਤੋਂ ਬਚਣ ਲਈ ਚਿਤਾਵਨੀ ਦਿੱਤੀ। ਪਾਣੀ ਭਰ ਜਾਣ ਕਾਰਨ ਮਹੀਪਾਲਪੁਰ ਰੈੱਡ ਲਾਈਟ ਤੋਂ ਮਹਿਰੌਲੀ ਵੱਲ ਜਾਣ ਵਾਲੇ ਕੈਰੇਜ਼ਵੇਅ ਤੇ ਮੋਤੀ ਬਾਗ ਜੰਕਸ਼ਨ ਤੋਂ ਧੌਲਾ ਕੂਆਂ ਵੱਲ ਜਾਣ ਵਾਲੇ ਮਹਾਤਮਾ ਗਾਂਧੀ ਮਾਰਗ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਈ।