ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਦਿੱਲੀ-ਐਨਸੀਆਰ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਖੇਤਰ ਦੀਆਂ ਮੁੱਖ ਸੜਕਾਂ ’ਤੇ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਹਨ ਚਾਲਕ ਸ਼ਹਿਰ ਦੀਆਂ ਕਈ ਥਾਵਾਂ ’ਤੇ ਜਾਮ ਵਿੱਚ ਫਸੇ ਰਹੇ। ਜ਼ਿਕਰਯੋਗ ਹੈ ਕਿ ਫਰੀਦਾਬਾਦ ਤੇ ਗੁਰੂਗਰਾਮ ਵਿੱਚ ਪਾਣੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਹਰ ਮੌਨਸੂਨ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੱਖਣੀ ਦਿੱਲੀ ਦੇ ਨਾਲ-ਨਾਲ ਗੁੜਗਾਓਂ ਦੇ ਕੁਝ ਹਿੱਸਿਆਂ ਵਿੱਚ ਸਵੇਰੇ ਭਾਰੀ ਮੀਂਹ ਕਾਰਨ ਕਈ ਮੁੱਖ ਸੜਕਾਂ ’ਤੇ ਪਾਣੀ ਭਰਨ ਦੀ ਰਿਪੋਰਟਾਂ ਹਨ। ਭਾਰਤ ਮੌਸਮ ਵਿਭਾਗ ਨੇ ਦਿਨ ਵੇਲੇ ਰਾਜਧਾਨੀ ਵਿੱਚ ਮੱਧਮ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਸ਼ਨਿਚਰਵਾਰ ਸਵੇਰੇ 8.30 ਵਜੇ ਤੋਂ ਐਤਵਾਰ ਸਵੇਰੇ 8.30 ਵਜੇ ਤੱਕ ਸ਼ਹਿਰ ਵਿੱਚ ਮੀਂਹ ਨਹੀਂ ਪਿਆ। ਇਸ ਤੋਂ ਬਾਅਦ ਪਾਲਮ, ਅਯਾਨਗਰ ਤੇ ਪੂਸਾ ਰੋਡ ‘ਤੇ ਭਾਰੀ ਮੀਂਹ ਪਿਆ। ਪਾਲਮ ‘ਚ ਸਵੇਰੇ 8.30 ਤੋਂ 11.30 ਵਜੇ ਦਰਮਿਆਨ ਤਿੰਨ ਘੰਟਿਆਂ ਦੌਰਾਨ 32 ਮਿਲੀਮੀਟਰ ਮੀਂਹ ਪਿਆ। ਪੂਸਾ ਰੋਡ ‘ਤੇ 21 ਮਿਲੀਮੀਟਰ ਅਤੇ ਅਯਾਨਗਰ ‘ਚ 20 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸਫਦਰਜੰਗ (2.4 ਮਿਲੀਮੀਟਰ), ਲੋਧੀ ਰੋਡ (1.2 ਮਿਲੀਮੀਟਰ), ਤੇ ਰਿਜ (1.4 ਮਿਲੀਮੀਟਰ) ਵਿੱਚ ਹਲਕੀ ਬਾਰਿਸ਼ ਹੋਈ। ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਸੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਧਣ ਤੇ 36 ਡਿਗਰੀ ਸੈਲਸੀਅਸ ਨੂੰ ਛੂਹਣ ਦੀ ਸੰਭਾਵਨਾ ਹੈ। ਆਉਣ ਵਾਲੇ ਹਫ਼ਤੇ ਦੌਰਾਨ ਹਲਕੀ ਬਾਰਿਸ਼ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।
ਫਰੀਦਾਬਾਦ (ਪੱਤਰ ਪ੍ਰੇਰਕ) ਇਸ ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ। ਨੀਵੀਆਂ ਕਲੋਨੀਆਂ ਵਿੱਚ ਵੀ ਜਲ-ਥੱਲ ਹੋ ਗਿਆ। ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ ਤੇ ਸਬਜ਼ੀ ਦੀਆਂ ਬੀਜੀਆਂ ਫਸਲਾਂ ਨੂੰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਗੁਰੂਗ੍ਰਾਮ ਦੇ ਵੀ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖ਼ਬਰਾਂ ਹਨ। ਕਈ ਅੰਡਰਪਾਸਾਂ ਹੇਠਾਂ ਵੀ ਪਾਣੀ ਭਰਿਆ।
ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਜਮ੍ਹਾਂ ਹੁੰਦੈ ਪਾਣੀ: ਭਾਜਪਾ ਪ੍ਰਧਾਨ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਲੋਕ ਸੜਕਾਂ ‘ਤੇ ਮੀਂਹ ਦਾ ਪਾਣੀ ਭਰਨ ਕਾਰਨ ਘੰਟਿਆਂਬੱਧੀ ਆਵਾਜਾਈ ‘ਚ ਫਸੇ ਰਹਿੰਦੇ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਡਰੇਨਾਂ ਦੀ ਸਫਾਈ ਕਰਨ ਦਾ ਦਾਅਵਾ ਕਰਦੇ ਹਨ, ਪਰ ਸਫਾਈ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਕਰਦੇ ਹਨ। ਅਜਿਹਾ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜੌਰੀ ਗਾਰਡਨ, ਪੱਛਮੀ ਪੰਜਾਬੀ ਬਾਗ, ਨਜਫਗੜ੍ਹ, ਬਿਜਵਾਸਨ, ਕਾਪਾਸ਼ੇਰਾ, ਅਸ਼ੋਕ ਨਗਰ, ਦਵਾਰਕਾ, ਜੰਗਪੁਰਾ, ਨਹਿਰੂ ਨਗਰ, ਆਨੰਦ ਵਿਹਾਰ, ਵਿਸ਼ਵਾਸ ਨਗਰ, ਸੀ.ਆਰ. ਪਾਰਕ, ਸਫਦਰਜੰਗ ਇਨਕਲੇਵ, ਕਰੋਲ ਬਾਗ, ਪਹਾੜਗੰਜ, ਸਬਜ਼ੀ ਮੰਡੀ, ਆਜ਼ਾਦਪੁਰ ਅਤੇ ਜਹਾਂਗੀਰਪੁਰੀ ਵਰਗੇ ਇਲਾਕਿਆਂ ‘ਚ ਅੱਜ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਮੀਂਹ ਤੋਂ ਪਹਿਲਾਂ ਸੜਕਾਂ ਦਾ ਮੁਆਇਨਾ ਹੀ ਕਰਦੇ ਹਨ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਹੱਥ ਖੜ੍ਹੇ ਕਰ ਦਿੰਦੇ ਹਨ। ਅਜਿਹਾ ਕਰਕੇ ਕੇਜਰੀਵਾਲ ਪਿਛਲੇ ਅੱਠ ਸਾਲਾਂ ਤੋਂ ਦਿੱਲੀ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਭਰਨ ‘ਤੇ ਆਦੇਸ਼ ਗੁਪਤਾ ਨੇ ਕਿਹਾ ਕਿ ਥੋੜ੍ਹੀ ਜਿਹੀ ਬਾਰਿਸ਼ ਕਾਰਨ ਹੀ ਦਿੱਲੀ ਦੀ ਸਥਿਤੀ ਮਾੜੀ ਬਣੀ ਹੋਈ ਹੈ ਤੇ ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਦਿੱਲੀ ਵਿਚ ਕਿਸ਼ਤੀ ਵੀ ਚਲਦੀ ਨਜ਼ਰ ਆਵੇ।