ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਦੱਖਣੀ ਦਿੱਲੀ ਦੇ ਲਾਜਪਤ ਨਗਰ ਦੀ ਕੇਂਦਰੀ ਮਾਰਕੀਟ ਵਿੱਚ ਸਵੇਰੇ ਇਕ ਸ਼ੋਅਰੂਮ ਨੂੰ ਅੱਗ ਲੱਗ ਗਈ, ਜਿਸ ਕਾਰਨ ਨੇੜਲੇ ਪੰਜ ਸ਼ੋਅਰੂਮ ਵੀ ਨੁਕਸਾਨੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਿਆਨਕ ਕਾਰਨ ਫਿਲਹਾਲ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਬ੍ਰਿਗੇਡ ਅਮਲੇ ਮੁਤਾਬਿਕ ਸਵੇਰੇ 10. 20 ਵਜੇ ਅੱਗ ਲੱਗਣ ਬਾਰੇ ਇੱਕ ਫੋਨ ਆਇਆ, ਜਿਸ ਤੋਂ ਬਾਅਦ 16 ਅੱਗ ਬੁਝਾਊ ਇੰਜਣ ਮੌਕੇ ’ਤੇ ਭੇਜੇ ਗਏ ਤੇ ਅੱਗੇ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਜਦੋਂ ਅੱਗ ਬੁਝਾਊ ਇੰਜਣ ਮੌਕੇ ‘ਤੇ ਪਹੁੰਚੇ ਤਾਂ ਚਾਰ ਸ਼ੋਅਰੂਮਾਂ ਨੂੰ ਅੱਗ ਲੱਗੀ ਹੋਈ ਸੀ ਤੇ ਬਾਅਦ ਵਿਚ ਅੱਗ ਪੰਜਵੀਂ ਦੁਕਾਨ ਵਿਚ ਵੀ ਫੈਲ ਗਈ। ਇਹ ਸਵੇਰੇ ਸਵੇਰੇ ਇਕ ਦੁਕਾਨ ਤੋਂ ਸ਼ੁਰੂ ਹੋਈ ਤੇ ਫਿਰ ਬਾਕੀ ਜਗ੍ਹਾ ਵਿਚ ਫੈਲ ਗਈ। ਸ੍ਰੀ ਗਰਗ ਨੇ ਕਿਹਾ ਉਨ੍ਹਾਂ ਦੇ ਮੁਲਾਜ਼ਮਾਂ ਨੇ ਬੜੀ ਸਮਝਦਾਰੀ ਨਾਲ ਕੰਮ ਕੀਤਾ ਤੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ, ਕਿਸੇ ਹੱਦ ਤੱਕ ਸਫ਼ਲ ਰਹੀਆਂ। ਉਨ੍ਹਾਂ ਦੱਸਿਆ ਕ ਆਪਰੇਸ਼ ਸ਼ੋਅਰੂਮਾਂ ਦੇ ਪਿਛਲੇ ਪਾਸੇ ਤੋਂ ਸ਼ੁਰੂ ਹੋਇਆ ਤਾਂ ਜੋ ਅੱਗ ਕਾਰਨ ਨਾਲ ਵਾਲੇ ਘਰਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਅੱਗ ਨੂੰ ਕਾਬੂ ਵਿਚ ਲਿਆਉਣ ਲਈ ਕੁੱਲ 30 ਅੱਗ ਬੁਝਾਊ ਇੰਜਣ ਤੇ 100 ਤੋਂ ਵੱਧ ਫਾਇਰਫਾਈਟਰ ਮੌਕੇ ‘ਤੇ ਸਨ, ਜੋ ਸਮੇਂ ਸਿਰ ਅੱਗ ਨੂੰ ਫੈਲਣ ਤੋਂ ਰੋਕ ਸਕੇ।
ਮੈਂ ਸਥਿਤੀ ’ਤੇ ਨਜ਼ਰ ਰੱਖ ਰਿਹਾ ਹਾਂ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਮੈਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ ਅਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ।’ ਲਾਜਪਤ ਨਗਰ ਦਾ ਇਹ ਬਾਜ਼ਾਰ ਬਹੁਤ ਮਹਿੰਗਾ ਤੇ ਆਲੀਸ਼ਾਨ ਸ਼ੋਅਰੂਮਾਂ ਵਾਲਾ ਹੈ। ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।