ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਦੇ ਅਲੀਪੁਰ ਨੇੜੇ ਸ਼ੁੱਕਰਵਾਰ ਨੂੰ ਇਕ ਗੁਦਾਮ ਦੀ ਕੰਧ ਡਿੱਗਣ ਕਾਰਨ 5 ਲੋਕਾਂ ਦੀ ਮੌਤ ਤੇ ਅੱਠ ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਦਿੱਲੀ ਦੇ ਅੱਗ ਬੁਝਾਊ ਵਿਭਾਗ ਮੁਤਾਬਕ ਕੰਧ ਉਸਾਰੀ ਅਧੀਨ ਸੀ। ਜਾਣਕਾਰੀ ਅਨੁਸਾਰ 5,000 ਵਰਗ ਫੁੱਟ ਦੇ ਪਲਾਟ ’ਤੇ ਗੁਦਾਮ ਬਣਾਇਆ ਜਾ ਰਿਹਾ ਹੈ ਤੇ ਰਾਤ 12:42 ਵਜੇ ਦੇ ਕਰੀਬ ਇਕ ਕੰਧ ਅਚਾਨਕ ਡਿੱਗ ਗਈ। ਦਿੱਲੀ ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਦਿੱਲੀ ਪੁਲੀਸ ਤੇ ਦਿੱਲੀ ਦੇ ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਪਲਾਟ ’ਤੇ ਕੰਧ ਦੇ ਸਥਾਨ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ। ਦਿੱਲੀ ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ, ਜਦਕਿ ਬਚਾਅ ਕਾਰਜ ਜਾਰੀ ਹਨ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਗੁਦਾਮ ਦਾ ਖੇਤਰਫਲ ਲਗਭਗ 5,000 ਵਰਗ ਗਜ਼ ਹੈ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸਾਰੀ ਅਣਅਧਿਕਾਰਤ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਅਲੀਪੁਰ ਪੁਲੀਸ ਸਟੇਸ਼ਨ ’ਤੇ ਕੰਧ ਡਿੱਗਣ ਬਾਰੇ ਇੱਕ ਪੀਸੀਆਰ ਕਾਲ ਆਈ ਸੀ। ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਉਸਾਰੀ ਅਧੀਨ ਗੁਦਾਮ ਦੀ ਕਰੀਬ 100 ਫੁੱਟ ਲੰਬੀ ਅਤੇ 15 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਦੇ ਨਾਲ ਲੱਗਦੀ ਨੀਂਹ ਦੀ ਖੁਦਾਈ ਕਰ ਰਹੇ 20 ਦੇ ਕਰੀਬ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ 13 ਮਜ਼ਦੂਰਾਂ ਨੂੰ ਨਰੇਲਾ ਦੇ ਸੱਤਿਆਵਾਦੀ ਰਾਜਾ ਹਰੀਸ਼ ਚੰਦਰ ਹਸਪਤਾਲ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 8 ਜ਼ਖ਼ਮੀ ਹੋਏ ਹਨ, ਜਦੋਂਕਿ ਪੰਜ ਹੋਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਜ਼ਮੀਨ ਦੇ ਮਾਲਕ ਦੀ ਪਛਾਣ ਸ਼ਕਤੀ ਸਿੰਘ (40) ਵਾਸੀ ਅਲੀਪੁਰ ਖੇਤਰ ਦੇ ਬਕੋਲੀ ਅਤੇ ਠੇਕੇਦਾਰ ਦੀ ਪਛਾਣ ਸਿਕੰਦਰ ਵਜੋਂ ਹੋਈ ਹੈ। ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲੀਪੁਰ ’ਚ ਕੰਧ ਡਿੱਗਣ ’ਤੇ ਦੁੱਖ ਪ੍ਰਗਟ ਕੀਤਾ ਹੈ। ਪੀਐੱਮਓ ਨੇ ਮੋਦੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਦਿੱਲੀ ਦੇ ਅਲੀਪੁਰ ਵਿੱਚ ਹੋਏ ਹਾਦਸੇ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਜ਼ਖ਼ਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਉਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਹਿੰਦੀ ਵਿੱਚ ਇੱਕ ਟਵੀਟ ਵਿੱਚ ਕਿਹਾ, ‘‘ਅਲੀਪੁਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ ਵਿੱਚ ਜੁਟਿਆ ਹੋਇਆ ਹੈ। ਮੈਂ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਿਹਾ ਹਾਂ। ਮੈਂ ਮ੍ਰਿਤਕਾਂ ਦੀਆਂ ਆਤਮਾਂ ਲਈ ਪ੍ਰਾਰਥਨਾ ਕਰਦਾ ਹਾਂ।’