ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਟਾਕੇ ਚਲਾਉਣਾ ਧਰਮ ਦਾ ਮਾਮਲਾ ਨਹੀਂ ਹੈ ਪਰ ਇਹ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦੇ ਕੁਝ ਲੋਕ ਪਟਾਕੇ ਫੂਕਣ ਨੂੰ ਧਰਮ ਨਾਲ ਜੋੜ ਕੇ ਪ੍ਰਦੂਸ਼ਣ ਵਿਰੁੱਧ ਦਿੱਲੀ ਸਰਕਾਰ ਦੀ ਲੜਾਈ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੋਪਾਲ ਰਾਏ ਨੇ ਕਿਹਾ, ‘‘ਪਟਾਕੇ ਚਲਾਉਣਾ ਧਰਮ ਦਾ ਨਹੀਂ ਬਲਕਿ ਲੋਕਾਂ ਦੀ ਜਾਨ ਦਾ ਮਾਮਲਾ ਹੈ। ਕੁਝ ਲੋਕ ਆਪਣੀਆਂ ਸਿਆਸੀ ਖਾਹਿਸ਼ਾਂ ਪੂਰੀਆਂ ਕਰਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਦੇ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡਣ। ਸਿਆਸਤ ਲਈ ਹੋਰ ਵੀ ਕਈ ਮੁੱਦੇ ਹਨ। ਕਿਰਪਾ ਕਰਕੇ ਲੋਕਾਂ ਨੂੰ ਸਾਹ ਲੈਣ ਦਿਓ।’’ ਰਾਏ ਨੇ ਕਿਹਾ ਕਿ ਦੀਵਾਲੀ ਦਾ ਮਤਲਬ ਦੀਵੇ ਹੈ, ਪਟਾਕੇ ਨਹੀਂ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ ਇਸ ਵਾਰ ਪੰਜ ਸਾਲਾਂ ਵਿੱਚ ਸਭ ਤੋਂ ਵਧੀਆ ਸੀ। ਰਾਸ਼ਟਰੀ ਰਾਜਧਾਨੀ ਨੇ ਅਕਤੂਬਰ ਵਿੱਚ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 173 ਦਰਜ ਕੀਤਾ, ਜੋ ਪੰਜ ਸਾਲਾਂ ਵਿੱਚ ਮਹੀਨੇ ਵਿੱਚ ਸਭ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ 2020 ਵਿੱਚ ਔਸਤ ਏਕਿਊਆਈ 265, 2019 ਵਿੱਚ 234, 2018 ਵਿੱਚ 269 ਅਤੇ 2017 ਵਿੱਚ 284 ਸੀ। ਅਨੁਕੂਲ ਮੌਸਮ ਤੇ ਸਰਕਾਰ ਦੀ ਪ੍ਰਦੂਸ਼ਣ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਸਮਰਥਨ ਪੰਜ ਸਾਲਾਂ ਵਿੱਚ ਅਕਤੂਬਰ ਵਿੱਚ ਸਭ ਤੋਂ ਵਧੀਆ ਹਵਾ ਦੀ ਗੁਣਵੱਤਾ ਦੇ ਕਾਰਨ ਹਨ।