ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਮਰੀਜ਼ਾਂ ਦੀਆਂ ਜਾਨਾਂ ਤੇ ਜੀਵਨ ਬਚਾਉਣ ਵਾਲੇ ਉਪਕਰਣਾਂ ਦੇ ਨੁਕਸਾਨ ਨੂੰ ਰੋਕਣ ਲਈ ਜਲਦੀ ਹੀ ਦਿੱਲੀ ਦੇ ਅੱਠ ਹਸਪਤਾਲਾਂ ਵਿੱਚ ਮਿਨੀ ਫਾਇਰ ਸਟੇਸ਼ਨ ਹੋਣਗੇ, ਏਮਜ਼ ਅਜਿਹੀ ਸਹੂਲਤ ਰੱਖਣ ਵਾਲੇ ਅੱਠਾਂ ਵਿੱਚੋਂ ਪਹਿਲਾ ਹੋਵੇਗਾ। ਏਮਜ਼ ਨੇ ਇੱਕ ਖੇਤਰ ਚੁਣਿਆ ਹੈ ਜਿੱਥੇ ਇੱਕ ਫਾਇਰ ਸਟੇਸ਼ਨ ਬਣਾਇਆ ਜਾਵੇਗਾ।
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਇਸ ਸਬੰਧ ਵਿੱਚ ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨਾਲ ਗੱਲਬਾਤ ਕੀਤੀ। ਦੋਵਾਂ ਨੇ ਜੀਵਨ ਬਚਾਉਣ ਵਾਲੇ ਉਪਕਰਣਾਂ ਨੂੰ ਬਚਾਉਣ ਲਈ ਹੱਥ ਮਿਲਾਏ ਹਨ। ਭਵਿੱਖ ਵਿੱਚ ਅੱਗ ਦੇ ਕਿਸੇ ਦੁਖਾਂਤ ਕਾਰਨ ਹੋਰ ਮਰੀਜ਼ਾਂ ਨੂੰ ਤਕਲੀਫ ਨਹੀਂ ਹੋਵੇਗੀ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਹਾਲ ਹੀ ਵਿੱਚ ਏਮਜ਼ ਵਿੱਚ ਅੱਗ ਦੀ ਤ੍ਰਾਸਦੀ ਵਿੱਚ ਕੋਵਿਡ -19 ਦੇ ਅਤਿ ਆਧੁਨਿਕ ਤਕਨਾਲੋਜੀ ਉਪਕਰਣ ਸੜ ਕੇ ਸੁਆਹ ਹੋ ਗਏ ਸਨ। ਗਰਗ ਨੇ ਕਿਹਾ ਕਿ ਹਸਪਤਾਲਾਂ ਵਿੱਚ ਫਾਇਰ ਸਟੇਸ਼ਨ ਸਥਾਪਤ ਕਰਨ ਨਾਲ ਮਰੀਜ਼ਾਂ ਨੂੰ ਵੀ ਵਿਸ਼ਵਾਸ ਮਿਲੇਗਾ, ਕਿਸੇ ਵੀ ਅੱਗ ਦੀ ਤ੍ਰਾਸਦੀ ਵਿੱਚ ਜੇ ਸਿਰ ਪਹੁੰਚਦੇ ਹਾਂ ਤਾਂ ਜਾਨ ਤੇ ਮਾਲ ਨੂੰ ਬਚਾ ਸਕਦੇ ਹਾਂ। ਸ਼ੁਰੂ ਵਿੱਚ ਇੱਕ ਫਾਇਰ ਟੈਂਡਰ ਹਸਪਤਾਲਾਂ ਵਿੱਚ ਲਗਾਇਆ ਜਾਵੇਗਾ ਬਾਅਦ ਵਿੱਚ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।
ਖ਼ਾਨ ਮਾਰਕੀਟ ਵਿੱਚ ਰੈਸਤਰਾਂ ਅੱਗ ਬੁਝਾਊ ਲਾਇਸੈਂਸ ਤੋਂ ਸੱਖਣੇ
ਲੂਟੀਅਨਜ਼ ਦਿੱਲੀ ਦੀ ਖਾਨ ਮਾਰਕੀਟ ਵਿੱਚ ਸਿਰਫ ਤਿੰਨ ਰੈਸਟੋਰੈਂਟ ਕੋਲ ਦਿੱਲੀ ਫਾਇਰ ਸਰਵਿਸ (ਡੀਐਫਐਸ) ਦਾ ‘ਇਤਰਾਜ਼ ਨਹੀਂ ਸਰਟੀਫਿਕੇਟ’ (ਐਨਓਸੀ) ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਕੀਟ ਦੇ ਲਗਭਗ 30 ਰੈਸਟੋਰੈਂਟਾਂ ਵਿੱਚੋਂ, ਸਿਰਫ ਤਿੰਨ ‘ਡੀਐੱਫਐੱਸ’ ਦੁਆਰਾ ਨਿਰਧਾਰਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਜਦੋਂ ਕਿ ਬਾਕੀ ਸਾਰੇ ਆਦੇਸ਼ਾਂ ਦੀ ਉਲੰਘਣਾ ਕਰਦੇ ਹਨ। ‘ਐੱਨਡੀਐੱਮਸੀ’ ਜੋ ਇਨ੍ਹਾਂ ਰੈਸਟੋਰੈਂਟਾਂ ਨੂੰ ਲਾਇਸੈਂਸ ਜਾਰੀ ਕਰਦੀ ਹੈ ਨੇ ਕਿਹਾ ਹੈ ਕਿ ਇਸ ਸਾਲ ਉਨ੍ਹਾਂ ਦੇ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਏਗਾ ਜਦੋਂ ਤੱਕ ਉਹ ਵੈਧ ਫਾਇਰ ਐਨਓਸੀ ਪ੍ਰਾਪਤ ਨਹੀਂ ਕਰਦੇ।