ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਕੌਮੀ ਰਾਜਧਾਨੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿੱਚ ਮੈਟਰੋ ਸਟੇਸ਼ਨ ਦੀ ਪਾਰਕਿੰਗ ਵਿੱਚ ਅਚਾਨਕ ਅੱਗ ਲੱਗਣ ਕਾਰਨ 90 ਤੋਂ ਵੱਧ ਵਾਹਨ ਸੜ ਕੇ ਸੁਆਹ ਹੋ ਗਏ। ਹਾਲਾਂਕਿ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਅੱਗ ਈ-ਚਾਰਜਿੰਗ ਵਿੱਚ ਸ਼ਾਰਟ-ਸਰਕਟ ਹੋਣ ਕਾਰਨ
ਲੱਗੀ ਹੈ ਅਤੇ 10 ਕਾਰਾਂ, ਇੱਕ ਮੋਟਰਸਾਈਕਲ, ਦੋ ਸਕੂਟਰ, 30 ਨਵੇਂ ਈ-ਰਿਕਸ਼ੇ ਤੇ 50 ਪੁਰਾਣੇ ਈ-ਰਿਕਸ਼ੇ ਸਮੇਤ ਹੋਰ ਵਾਹਨ ਇਸ ਦੀ ਲਪੇਟ ਵਿੱਚ ਆ ਗਏ। ਕਈ ਈ-ਰਿਕਸ਼ੇ ਤਾਂ ਸੜ ਕੇ ਸੁਆਹ ਹੋ ਗਏ ਕਿਉਂਕਿ ਅੱਗ ਦਾ ਸੇਕ ਬਹੁਤ ਜ਼ਿਆਦਾ ਸੀ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਜਾਮੀਆ ਨਗਰ ਇਲਾਕੇ ਦੇ ਤਿਕੋਨਾ ਪਾਰਕ ਵਿੱਚ ਅੱਗ ਲੱਗਣ ਦੀ ਇਸ ਘਟਨਾ ਬਾਰੇ ਸਵੇਰੇ 5 ਵਜੇ ਦੇ ਕਰੀਬ ਪਤਾ ਚੱਲਿਆ ਅਤੇ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ’ਤੇ ਘਟਨਾ ਸਥਾਨ ਵੱਲ ਰਵਾਨਾ ਕੀਤੀਆਂ ਗਈਆਂ। ਗਰਗ ਨੇ ਕਿਹਾ, ‘‘ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਹੁਣ ਸਥਿਤੀ ਕਾਬੂ ਹੇਠ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਅੰਦਰੂਨੀ ਹਿੱਸੇ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ।
ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 5.15 ਵਜੇ ਅੱਗ ਲੱਗਣ ਸਬੰਧੀ ਸੂਚਨਾ ਮਿਲੀ ਸੀ ਅਤੇ ਸ਼ੱਕ ਹੈ ਕਿ ਇਹ ਘਟਨਾ ਸ਼ਾਰਟ-ਸਰਕਟ ਕਾਰਨ ਵਾਪਰੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ, ਦਿੱਲੀ ਮੈਟਰੋ ਦਾ ਇਹ ਅੰਦਰਲਾ ਹਿੱਸਾ ਈਟੀਓ ਮੋਟਰਜ਼ ਨੇ ਠੇਕੇ ’ਤੇ ਲਿਆ ਹੋਇਆ ਹੈ ਅਤੇ ਇਸ ਖੇਤਰ ਦੀ ਵਰਤੋਂ ਪਾਰਕਿੰਗ ਲਈ ਕੀਤੀ ਜਾਂਦੀ ਹੈ ਅਤੇ ਇੱਥੇ ਈ-ਰਿਕਸ਼ਾ ਲਈ ਚਾਰਜਿੰਗ ਸਟੇਸ਼ਨ ਵੀ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਓਖਲਾ ਵਿਹਾਰ ਮੈਟਰੋ ਥਾਣੇ ਵਿੱਚ ਆਈਪੀਸੀ ਦੀ ਧਾਰਾ 336 (ਲੋਕਾਂ ਦੀ ਜਾਨ ਜੋਖ਼ਮ ਵਿੱਚ ਪਾਉਣਾ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।’’
ਜਾਮੀਆ ਨਗਰ ਦੇ ਵਸਨੀਕ ਨੂਰ ਨਵਾਜ਼ ਖ਼ਾਨ (46), ਜੋ ਮੈਟਰੋ ਸਟੇਸ਼ਨ ਤੋਂ ਲਗਪਗ 50 ਮੀਟਰ ਦੂਰ ਕੋਚਿੰਗ ਕਲਾਸ ਲਾਉਂਦੇ ਹਨ, ਨੇ ਦੱਸਿਆ ਕਿ ਇਹ ਪਾਰਕਿੰਗ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇੱਕ ਹਿੱਸੇ ਨੂੰ ਈ-ਰਿਕਸ਼ਾ ਚਾਰਜ ਕਰਨ ਲਈ ਵਰਤਿਆ ਜਾਂਦਾ ਹੈ, ਜਦੋਂਕਿ ਦੂਜਾ ਹਿੱਸਾ ਵਾਹਨਾਂ ਦੀ ਪਾਰਕਿੰਗ ਲਈ ਹੈ। ਮੈਨੂੰ ਨਹੀਂ ਪਤਾ ਕਿ ਮੈਟਰੋ ਅਧਿਕਾਰੀਆਂ ਨੇ ਇਸ ਦੀ ਮਨਜ਼ੂਰੀ ਦਿੱਤੀ ਸੀ ਜਾਂ ਉਹ ਇਸ ਬਾਰੇ ਜਾਣਦੇ ਸਨ। ਉਸ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਕੋਚਿੰਗ ਕਲਾਸ ਲਈ ਆਇਆ ਸੀ ਤਾਂ ਈ-ਰਿਕਸ਼ਾ ਤੇ ਹੋਰ ਵਾਹਨਾਂ ਨੂੰ ਅੱਗ ਲੱਗੀ ਹੋਈ ਸੀ। ‘‘ਇਹ ਚਾਰਜਿੰਗ ਸਟੇਸ਼ਨ ’ਤੇ ਸ਼ਾਰਟ-ਸਰਕਟ ਜਾਂ ਈ-ਰਿਕਸ਼ਾ ਦੀ ਬੈਟਰੀ ਫਟਣ ਕਾਰਨ ਅੱਗ ਲੱਗੀ ਹੋ ਸਕਦੀ ਹੈ, ਜੋ ਅੱਗੇ ਦੀ ਅੱਗੇ ਸਾਰੇ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।’’
ਇਸੇ ਦੌਰਾਨ ਲਾਜਪਤ ਨਗਰ ਇਲਾਕੇ ਵਿੱਚ ਇੱਕ ਇਮਾਰਤ ਦੀ ਜ਼ਮਨੀਦੋਜ਼ ਮੰਜ਼ਿਲ ਵਿੱਚ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਦਿਨ ਦੇ 2.45 ਦੇ ਕਰੀਬ ਸੂਚਨਾ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਘਟਨਾ ਸਥਾਨ ’ਤੇ ਪੁੱਜੀਆਂ। ਇਸ ਸਮੇਂ ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਮਾਰਤ ਲਾਜਪਤ ਨਗਰ ਦੀ ਮਾਰਕੀਟ ਨੇੜੇ ਹੈ। -ਪੀਟੀਆਈ