ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਹਰਿਆਣਾ ਦੇ ਸਹਿ-ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਪਿਛਲੇ ਪੰਦਰਵਾੜੇ ਤੋਂ ਹਰਿਆਣਾ ਵਿਚ ਯੂਰੀਆ ਨੂੰ ਲੈ ਕੇ ਲੜਾਈ ਦੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਯੂਰੀਆ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਵੀ ਡੀਵੀਪੀ ਖਾਦ ਨੂੰ ਲੈ ਕੇ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਹੋਈ ਸੀ। ਹੁਣ ਡੀਏਪੀ ਖਾਦ ਵਾਂਗ ਤੇ ਯੂਰੀਆ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਦੂਜੇ ਪਾਸੇ ਸਰਕਾਰ ਸਿਰਫ਼ ਭਰੋਸਾ ਦੇਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ। ਡਾ. ਗੁਪਤਾ ਨੇ ਦੱਸਿਆ ਕਿ ਉਹ ਹਰਿਆਣਾ ਵਿਧਾਨ ਸਭਾ ਦੇ ਪਿੰਡਾਂ ਵਿਚ ਜਾ ਰਹੇ ਹਨ| ਉਥੋਂ ਦੇ ਵਾਸੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਯੂਰੀਆ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਘੰਟਿਆਂਬੱਧੀ ਕਤਾਰ ਵਿੱਚ ਖੜ੍ਹੇ ਹੋਣ ਦੇ ਬਾਵਜੂਦ ਯੂਰੀਆ ਨਹੀਂ ਮਿਲ ਰਿਹਾ। ਇਸ ਦੇ ਬਾਵਜੂਦ ਉਨ੍ਹਾਂ ਨੂੰ ਖਾਲੀ ਹੱਥ ਘਰ ਪਰਤਣਾ ਪੈਂਦਾ ਹੈ ਅਤੇ ਅਗਲੇ ਦਿਨ ਲਾਈਨਾਂ ਵਿੱਚ ਲੱਗ ਕੇ ਆਉਣਾ ਪੈਂਦਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋੲਂ ਕਿਸਾਨ ਖੁਦ ਹੀ ਸੜਕਾਂ ਤੋਂ ਲੰਘਣ ਵਾਲੇ ਟਰੱਕਾਂ ਦੀ ਜਾਂਚ ਕਰਨ ਲੱਗੇ, ਕਿ ਇਨ੍ਹਾਂ ਵਿੱਚ ਕਿਤੇ ਯੂਰੀਆ ਤਾਂ ਨਹੀਂ ਛੁਪਾਇਆ ਹੋਇਆ। ਨਵੰਬਰ ਤੋਂ ਜਨਵਰੀ ਦਰਮਿਆਨ ਯੂਰੀਆ ਦੀ ਖਪਤ ਸਭ ਤੋਂ ਵੱਧ ਹੁੰਦੀ ਹੈ ਪਰ ਕੇਂਦਰ ਸਰਕਾਰ ਹਰਿਆਣਾ ਨੂੰ ਉਨ੍ਹਾਂ ਦਾ ਕੋਟਾ ਸਪਲਾਈ ਨਹੀਂ ਕਰ ਸਕੀ। ਇਸ ਕਾਰਨ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ।