ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਫਰਵਰੀ
ਕਿਸਾਨੀ ਮੰਗਾਂ ਲਈ ਧਰਨੇ ’ਤੇ ਬੈਠੇ ਕਿਸਾਨਾਂ ਨੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਹੁਣ ਤੋਂ ਹੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ’ਚ ਪੰਜਾਬ ਤੋਂ ਪਹਿਲਾਂ ਗਰਮੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨ ਗਰਮੀ ਮਹਿਸੂਸ ਕਰਨ ਲੱਗੇ ਹਨ। ਕਿਸਾਨਾਂ ਵੱਲੋਂ ਕੁਦਰਤੀ ਵਰਤਾਰੇ ਦਾ ਟਾਕਰਾ ਕਰਨ ਲਈ ਪਰਾਲੀ ਦੇ ਛੱਪਰ ਬਣਾਉਣੇ ਸ਼ੁਰੂ ਕੀਤੇ ਜਾ ਰਹੇ ਹਨ। ਟਿਕਰੀ ਤੇ ਸਿੰਘੂ ਬਾਰਡਰ ਵਿੱਚ ਇਹ ਸ਼ੁਰੂਆਤ ਹੋ ਗਈ ਹੈ। ਪੱਖਿਆਂ ਤੇ ਕੂਲਰਾਂ ਦੇ ਪ੍ਰਬੰਧ ਵੀ ਕੀਤੇ ਜਾਣ ਲੱਗੇ ਹਨ। ਟਰਾਲੀਆਂ ਵਿੱਚ ਕੂਲਰ ਲਾਉਣ ਦੇ ਪ੍ਰਬੰਧ ਕਾਰੀਗਰ ਕਰਨ ਲੱਗੇ ਹਨ। ਇਕ ਕਿਸਾਨ ਨੇ ਦੱਸਿਆ ਕਿ ਦਾਣੇ ਵੱਖ ਕਰਨ ਲਈ ਕਿਸਾਨਾਂ ਵੱਲੋਂ ਜੋ ਵੱਡੇ ਫਰਾਂ ਵਾਲੇ ਪੱਖੇ ਖੇਤਾਂ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਵੀ ਮੋਰਚਿਆਂ ਉਤੇ ਇਸਤੇਮਾਲ ਕੀਤਾ ਜਾਵੇਗਾ।
ਜੀਂਦ (ਮਹਾਂਵੀਰ ਮਿੱਤਲ): ਕਿਸਾਨ ਅੰਦੋਲਨ ਨੂੰ ਚੱਲਦਿਆਂ ਤਿੰਨ ਮਹੀਨਿਆਂ ਦੇ ਕਰੀਬ ਹੋਣ ਵਾਲੇ ਹਨ, ਇਥੇ ਖਟਕੜ ਟੌਲ ਪਲਾਜ਼ਾ ਉੱਤੇ ਕਿਸਾਨ 26 ਦਸੰਬਰ ਤੋਂ ਲਗਾਤਾਰ ਧਰਨਾ ਦਿੰਦੇ ਆ ਰਹੇ ਹਨ। ਕਿਸਾਨਾਂ ਨੂੰ ਹੁਣ ਇਹ ਅੰਦੋਲਨ ਲੰਬਾ ਚੱਲਦਾ ਨਜ਼ਰ ਆ ਰਿਹਾ ਹੈ, ਜਿਸਦੇ ਚਲਦੇ ਹੁਣ ਇੱਥੇ ਕਿਸਾਨਾਂ ਨੇ ਪੱਕਾ ਹੀ ਮੋਰਚਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਤਿਵੀਰ ਪਹਿਲਵਾਨ ਬਰਸੋਲਾ, ਆਜ਼ਾਦ ਸਿੰਘ ਪਾਲਵਾਂ, ਇਸ਼ਵਰ ਫੌਜੀ ਤੇ ਵਿਜਿੰਦਰ ਸੰਧੂ ਨੇ ਦੱਸਿਆ ਕਿ ਇੱਥੇ ਪੱਕੇ ਮੋਰਚੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਥੇ ਲਗਾਏ ਜਾ ਰਹੇ ਟੈਂਟ ਵਿੱਚ ਕੂਲਰ ਤੋਂ ਲੈ ਕੇ ਪੱਖਿਆਂ ਤੱਕ ਦਾ ਪ੍ਰਬੰਧ ਕੀਤਾ ਜਾਵੇਗਾ।