ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੀ ਵਾਢੀ ਸ਼ੁਰੂ ਹੋ ਗਈ ਹੈ, ਕੰਮ ਦਾ ਪੂਰਾ ਜ਼ੋਰ ਪੈਣ ਵਾਲਾ ਹੈ। ਅੰਦੋਲਨ ’ਤੇ ਕਣਕ ਦੀ ਵਾਢੀ ਕਰ ਕੇ ਕੋਈ ਫ਼ਰਕ ਨਾ ਪਵੇ, ਇਸ ਲਈ ਜਥੇਬੰਦੀ ਵਲੋਂ ਆਗੂਆਂ ਦੀ ਜ਼ਿੰਮੇਵਾਰੀ ਲਾ ਕੇ ਜਿਹੜੇ ਕਿਸਾਨਾਂ ਦੇ ਸਾਧਨ ਦਿੱਲੀ ਮੋਰਚੇ ਵਿੱਚ ਸ਼ਾਮਲ ਹਨ ਅਤੇ ਜਿਹੜੇ ਕਿਸਾਨ ਕਟਾਈ ਸਮੇਂ ਮੋਰਚੇ ਵਿੱਚ ਹੋਣਗੇ, ਉਨ੍ਹਾਂ ਦੀ ਵਾਢੀ ਦਾ ਕੰਮ ਪਿੰਡ ਪੱਧਰ ’ਤੇ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛਰਦਾਨੀ, ਪਾਣੀ, ਕੂਲਰ, ਪੱਖੇ ਅਤੇ ਮੱਛਰ ਮਾਰਨ ਵਾਲੀ ਮਸ਼ੀਨ ਆਦਿ ਦਾ ਪ੍ਰਬੰਧ ਮੁਕੰਮਲ ਹੋ ਗਿਆ ਹੈ।
ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਬਦਲ ਰਿਹਾ ਹੈ, ਇਸ ਦੌਰਾਨ ਮੱਛਰ ਵਿੱਚ ਵਾਧਾ ਹੋਣਾ, ਬਿਜਲੀ ਦੇ ਵੱਡੇ ਕੱਟ ਲੱਗਣ ਕਾਰਨ ਪਾਣੀ ਦੀ ਘਾਟ ਵੀ ਪਵੇਗੀ ਪਰ ਸਾਡੇ ਇਰਾਦੇ ਦ੍ਰਿੜ੍ਹ ਤੇ ਸਬਰ ਵਾਲੇ ਹੋਣੇ ਚਾਹੀਦੇ ਹਨ। ਉਹ ਕੌਮਾਂ ਹਮੇਸ਼ਾਂ ਜਿੱਤਦੀਆਂ ਹਨ, ਜੋ ਸਬਰ ਦੇ ਨਾਲ ਹੋਸ਼ ਤੇ ਜੋਸ਼ ਨਾਲ ਲੜਦੀਆਂ ਹਨ। ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਕੱਲ ਪੰਜਾਬ ਵਿੱਚ 15 ਜ਼ਿਲ੍ਹਿਆਂ ਵਿਚ 34 ਥਾਵਾਂ ’ਤੇ ਐਕਸੀਅਨ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਸਰਕਾਰ ਸਰਕਾਰੀ ਖ਼ਰੀਦ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹੋ ਜਿਹੇ ਕਿਸਾਨ ਮਜ਼ਦੂਰ ਵਿਰੋਧੀ ਮਨਸੂਬੇ ਅਸੀਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕੀ ਇਸਦਾ ਸਿੱਧਾ ਪ੍ਰਭਾਵ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦਾ ਹੈ, ਜਿਸ ਨਾਲ ਗ਼ਰੀਬ ਲੋਕਾਂ ਨੂੰ ਮਿਲਦੀ ਨਿਗੂਣੀ ਸਹੂਲਤ ਵੀ ਖੁੱਸ ਜਾਵੇਗੀ, ਇਸ ਲਈ ਮਜ਼ਦੂਰਾਂ ਦਾ ਇਸ ਕਰਕੇ ਦਿੱਲੀ ਕਿਸਾਨ ਅੰਦੋਲਨ ਨਾਲ ਡੂੰਘਾ ਸਬੰਧ ਬਣਦਾ ਹੈ।
ਕੇਂਦਰੀ ਸਿਹਤ ਮੰਤਰੀ ਦੇ ਬਿਆਨ ਦੀ ਨਿੰਦਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਗਈ, ਜਿਸ ਵਿੱਚ ਸਿਹਤ ਮੰਤਰੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਰੋਨਾ ਦੇ ਮਾਮਲੇ ਵਧਣ ਦਾ ਕਾਰਨ ਕਿਸਾਨਾਂ ਦੇ ਧਰਨੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋੋਹਨ ਸਿੰਘ ਨੇ ਕੇਂਦਰੀ ਮੰਤਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਵੀਂ ਚਾਲ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ਹੇਠ ਜੇਕਰ ਕੇਂਦਰ ਸਰਕਾਰ ਨੇ ਦਮਨਕਾਰੀ ਨੀਤੀ ਅਪਣਾਈ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਕਿਸਾਨ ਜਬਰ ਦਾ ਟਾਕਰਾ ਸਬਰ ਨਾਲ ਕਰਨਗੇ। ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰਾਂ ਆਪਣੀ ਨਾਕਾਮੀ ਕਿਸਾਨਾਂ ਦੇ ਸਿਰ ਮੜ੍ਹਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇ ਯੋਧਿਆਂ ਨੇ ਕਰੋਨਾ ਨੂੰ ਮਾਤ ਦੇ ਕੇ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਕੇਂਦਰ ਦਾ ਜਬਰ ਝੱਲਿਆ ਹੈ।