ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੂਨ
ਸੰਤ ਕਬੀਰ ਦਾਸ ਦੀ ਜੈਯੰਤੀ ਮੌਕੇ ਅੱਜ ਕਿਸਾਨ ਮੋਰਚਿਆਂ ਵਿੱਚ ਸਮਾਗਮ ਕੀਤੇ ਗਏ। ਭਾਈਚਾਰਕ ਸਾਂਝ ਕਿਸਾਨ-ਲਹਿਰ ਦੀ ਵਿਸ਼ੇਸ਼ਤਾ ਹੈ ਤੇ ਸੰਤ ਕਬੀਰ ਦਾ ਜਨਮ ਦਿਵਸ ਅੱਜ ਬੜੇ ਸਤਿਕਾਰ ਨਾਲ ਮਨਾਇਆ ਗਿਆ।
ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਅਨੁਸਾਰ ਅੱਜ ਸਿੰਘੂ, ਟਿਕਰੀ ਤੇ ਹੋਰ ਮੋਰਚਿਆਂ ’ਤੇ ਭਗਤ ਕਬੀਰ ਦੀ ਜੈਅੰਤੀ ਮਨਾਈ ਗਈ। ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ ਭਾਈ ਕੇ ਪ੍ਰਧਾਨਗੀ ਹੇਠ ਟਿਕਰੀ ਬਾਡਰ ਤੇ ਕਿਸਾਨ ਆਗੂ ਸੁਖਦਰਸ਼ਨ ਨੱਤ ਨੇ ਭਗਤ ਕਬੀਰ ਬਾਰੇ ਵਿਸਥਾਰ ਵਿੱਚ ਬੋਲਦਿਆਂ ਉਨ੍ਹਾਂ ਨੂੰ ਇੱਕ ਮਹਾਨ ਇਨਕਲਾਬੀ ਵਿਚਾਰਵਾਨ ਤੇ ਯੋਧਾ ਕਰਾਰ ਦਿੱਤਾ। ਜਿਨ੍ਹਾਂ ਨੇ ਹਰ ਤਰ੍ਹਾਂ ਦੇ ਵਿਖਾਵੇ ਤੇ ਪਾਖੰਡ ਅਤੇ ਜਾਤੀ ਵਾਲੀ ਸੋਚ ਦੀ ਆਪਣੀ ਬਾਣੀ ਰਾਹੀਂ ਤਿੱਖੀ ਆਲੋਚਨਾ ਕੀਤੀ। ਸਾਨੂੰ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕਿ ਮੋਦੀ ਸਰਕਾਰ ਤੇ ਉਸ ਦੇ ਬਣਾਏ ਖੇਤੀ ਕਾਨੂੰਨਾਂ ਖਿਲਾਫ਼ ਪੂਰੇ ਦੇਸ਼ ਵਿਚ ਲੱਗੇ ਮੋਰਚੇ ਜਿੱਤ ਤੱਕ ਨਿਰੰਤਰ ਜਾਰੀ ਰਹਿਣਗੇ। ਹਰਿਆਣਾ ਦੇ ਬਜ਼ੁਰਗ ਆਗੂ ਚੌਧਰੀ ਜੀਆ ਲਾਲ ਨੇ ਕਬੀਰ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਧਾਨ ਹਰਪ੍ਰੀਤ ਝਬੇਲਵਾਲੀ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜੂਨ ਨੂੰ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਤਹਿਤ ਪੰਜਾਬ ਹਰਿਆਣਾ ਦੇ ਰਾਜ ਭਵਨਾਂ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਿੰਘੂ ਮੋਰਚੇ ’ਤੇ ਮਿਲੇ ਇਕ ਪਰਵਾਸੀ ਪਰਿਵਾਰ ਦੀ ਨਾਬਾਲਗ ਲੜਕੀ ਦੇ ਪੰਜਾਬ ਚਲੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਲੜਕੀ ਵਾਪਸ ਪਰਿਵਾਰ ਕੋਲ ਆ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਮਹਿਲਾ ਕਮੇਟੀ ਦੇ ਮੈਂਬਰਾਂ ਅਤੇ ਨਾਬਾਲਗ ਲੜਕੀ ਦੀ ਮਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜਕੀ ਨੂੰ ਲਿਜਾਉਣ ਵਾਲੇ ਵਿਅਕਤੀ ਵਿਰੁੱਧ ਅੱਜ ਰਾਏ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਉਪਾਅ ਕਰ ਰਿਹਾ ਹੈ ਅਤੇ ਔਰਤਾਂ ਵਿਰੁੱਧ ਹਿੰਸਾ ਜਾਂ ਔਰਤਾਂ ਦੇ ਕਿਸੇ ਵੀ ਜਿਨਸੀ ਸ਼ੋਸ਼ਣ ਪ੍ਰਤੀ ਆਪਣੀ ਸਿਫਰ ਸਹਿਣਸ਼ੀਲਤਾ ਦੀ ਨੀਤੀ ਦੱਸੀ ਹੈ। ਕਿਸਾਨ ਪ੍ਰਦਰਸ਼ਨਕਾਰੀਆਂ ਦਾ ਇੱਕ ਵੱਡਾ ਕਾਫਲਾ ਅੱਜ ਗੰਗਾਨਗਰ ਤੋਂ ਰਾਜਸਥਾਨ ਦੇ ਸ਼ਾਹਜਹਾਂਪੁਰ ਬਾਰਡਰ ਲਈ ਰਵਾਨਾ ਹੋਇਆ, ਜਿਸ ਦੀ ਅਗਵਾਈ ਗ੍ਰਾਮੀਣ ਕਿਸਾਨ ਮਜ਼ਦੂਰ ਸੰਮਤੀ (ਜੀ.ਕੇ.ਐੱਸ) ਨੇ ਕੀਤੀ।
ਉਨ੍ਹਾਂ ਕਿਹਾ ਕਿ ਗੋਰਖਪੁਰ (ਯੂਪੀ) ਦੇ ਭਾਜਪਾ ਸੰਸਦ ਮੈਂਬਰ ਨੂੰ ਸਥਾਨਕ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਿਸਾਰ ਵਿੱਚ ਸੋਨਾਲੀ ਫੋਗਾਟ ਨੂੰ ਕਾਲੇ ਝੰਡਿਆਂ ਦੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਤੇ ਸਥਾਨਕ ਪਿੰਡ ਵਾਸੀਆਂ ਦੇ ਨਾਅਰੇਬਾਜ਼ੀ ਕੀਤੀ ਗਈ।