ਕੁਲਵਿੰਦਰ ਦਿਓਲ
ਨਵੀਂ ਦਿੱਲੀ, 31 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਵਿੱਚ ਮਨਾਏ ਗਏ ‘ਵਿਸ਼ਵਾਸਘਾਤ ਦਿਵਸ’ ਦੌਰਾਨ ਦਿੱਲੀ ਦੇ ਕਿਸਾਨਾਂ ਨੇ ਵੀ ਕੇਂਦਰ ਸਰਕਾਰ ਨੂੰ ਤੇਵਰ ਦਿਖਾਏ। ਦਿੱਲੀ ਦੇ ਬਾਹਰਲੇ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਖੇਤੀ ਕੀਤੀ ਜਾਂਦੀ ਹੈ। ਅਲੀਪੁਰ ਦੇ ਡੀਸੀ, ਕਾਪਾਸਹੇੜਾ ਦੇ ਡਿਪਟੀ ਕਮਿਸ਼ਨਰ ਤੇ ਨਜ਼ਫ਼ਗੜ੍ਹ ਦੇ ਐੱਸਡੀਐੱਮ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੋਰਚੇ ਨਾਲ ਕੀਤੇ ਵਾਅਦਿਆਂ ਦਾ ਜ਼ਿਕਰ ਕੀਤਾ ਗਿਆ। ਕਿਸਾਨ ਆਗੂ ਯੁੱਧਵੀਰ ਸਿੰਘ ਤੇ ਦਿੱਲੀ ਦੇ ਕਿਸਾਨ ਆਗੂਆਂ ਵੱਲੋਂ ਮੰਗ ਪੱਤਰ ਸੌਂਪੇ ਗਏ।
ਕਿਸਾਨ ਕਾਰਕੁਨ ਓਮਦੀਪ ਸਿੰਘ ਖੱਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ-ਐੱਨਸੀਆਰ ਦੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨਕਾਰੀ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਗਈ ਸੀ। ਸ੍ਰੀਮਤੀ ਮਮਤਾ ਪੋਰ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਸਵਾ ਮਹੀਨੇ ਬਾਅਦ ਵੀ ਕਿਸਾਨਾਂ ਦੀਆਂ ਬਾਕੀ ਮੰਗਾਂ ਵੱਲ ਕੰਨ ਨਹੀਂ ਧਰਿਆ ਗਿਆ। ਐੱਨਸੀਆਰ ਦੇ ਇਲਾਕਿਆਂ ਪਲਵਲ, ਸੋਨੀਪਤ ਤੇ ਪਾਣੀਪਤ ਦੇ ਕਿਸਾਨਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤੇ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਜ਼ਿਲ੍ਹੇ ਭਰ ਵਿੱਚ ਕਿਸਾਨੀ ਮੰਗਾਂ ਦੀ ਅਣਦੇਖੀ ਕਰਨ ’ਤੇ ਵਿਸ਼ਵਾਸਘਾਤ ਦਿਵਸ ਮਨਾਉਂਦਿਆਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। ਜ਼ਿਲ੍ਹਾ ਹੈੱਡਕੁਆਰਟਰ ’ਤੇ ਕਿਸਾਨਾਂ ਦੇ ਵੱਡੇ ਇਕੱਠ ਨੇ ਰੋਸ ਮਾਰਚ ਕੀਤਾ ਜਿਸਦੀ ਅਗਵਾਈ ਰਾਮਸਵਰੂਪ ਢਾਣੀ ਗੋਪਾਲ ਨੇ ਕੀਤੀ। ਇਸ ਮੌਕੇ ਕਿਸਾਨ ਤਰਸੇਮ ਘਾਸਵਾਂ, ਰਵਿੰਦਰ ਕਸਵਾਂ, ਰਵਿੰਦਰ ਹਿਜਰਾਵਾਂ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਜਗਤਾਰ ਸਿੰਘ ਤੋਂ ਇਲਾਵਾ ਮਜ਼ਦੂਰ ਦੇ ਕਰਮਚਾਰੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਕਿਸਾਨਾਂ ਦਾ ਇਕੱਠ ਲਾਲ ਬੱਤੀ ਚੌਕ ਤੋਂ ਤੁਰਿਆ ਤੇ ਜ਼ਿਲ੍ਹਾ ਸਕੱਤਰੇਤ ਪੁੱਜ ਕੇ ਕੇਂਦਰ ਸਰਕਾਰ ਦਾ ਪੁੁਤਲਾ ਫੂਕਿਆ। ਜਾਖਲ ਵਿੱਚ ਕਿਸਾਨ ਪਰਿਵਾਰ ਆਪਣੇ ਬੱਚਿਆਂ ਸਮੇਤ ਸ਼ਾਮਲ ਹੋਏ।
ਉਗਰਾਹਾਂ ਜਥੇਬੰਦੀ ਦੇ ਕਿਸਾਨ ਤੇ ਔਰਤਾਂ ਸੀਮਾਵਰਤੀ ਪਿੰਡਾਂ ਵਿੱਚੋਂ ਪੁੱਜੀਆਂ ਜਿਸਦੀ ਅਗਵਾਈ ਜੱਗੀ ਮਹਿਲ ਨੇ ਕੀਤੀ। ਪਿੰਡ ਗੋਰਖਪੁਰ ਵਿੱਚ ਕਿਸਾਨਾਂ ਦਾ ਭਰਵਾਂ ਇਕੱਠ ਹੋਇਆ। ਟੋਹਾਣਾ ਦੇ ਟਾਊਨ ਪਾਰਕ ਵਿੱਚ ਰਣਜੀਤ ਸਿੰਘ ਢਿੱਲੋਂ ਪ੍ਰਭਾਰੀ ਦੀ ਅਗਵਾਈ ਵਿੱਚ ਸਵੇਰੇ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ ’ਤੇ ਕਿਸਾਨ ਝੰਡੇ ਲਾ ਕੇ ਪੁੱਜੇ।
ਜੀਂਦ (ਮਹਾਂਵੀਰ ਮਿੱਤਲ): ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਕੀਤੇ ਗਏ ਸਮਝੌਤਿਆਂ ਤਹਿਤ ਹੁਣ ਤੱਕ ਐੱਮਐੱਸਪੀ ਉੱਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਅਤੇ ਹੋਰ ਮੰਗਾਂ ਪੂਰੀਆਂ ਕਰਨ ਵਿੱਚ ਕੋਈ ਠੋਸ ਕਦਮ ਨਾ ਚੁੱਕਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਵਾਅਦਾਖ਼ਿਲਾਫ਼ੀ ਦਿਵਸ ਮਨਾਇਆ। ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਸੰਗਠਨਾਂ ਨੇ ਪਹਿਲਾਂ ਮੁਜ਼ਾਹਰਾ ਕੀਤਾ ਜਿਸ ਮਗਰੋਂ ਮੁੱਖ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਮੋਰੰਡਮ ਸੌਂਪਿਆ ਗਿਆ। ਭਾਕਿਯੂ ਦੇ ਜ਼ਿਲ੍ਹਾ ਪ੍ਰੈੱਸ ਬੁਲਾਰੇ ਰਾਮਰਾਜੀ ਢੁੱਲ ਨੇ ਦੱਸਿਆ ਕਿ ਅੱਜ ਵਾਅਦਾਖਿਲਾਫ਼ੀ ਦਿਵਸ ਮਨਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਉੱਪ ਪ੍ਰਧਾਨ ਰਾਮਫਲ ਕੰਡੇਲਾ ਅਤੇ ਉਚਾਨਾ ਧਰਨਾ ਸਥਾਨ ਕਮੇਟੀ ਦੇ ਆਗੂ ਸਤਿਵੀਰ ਸ਼ਰਮਾ ਅਤੇ ਹੋਰ ਕਿਸਾਨ ਨੇਤਾਵਾਂ ਨੇ ਸੰਬੋਧਨ ਕੀਤਾ।
ਯਮੁਨਾਨਗਰ (ਦੇਵਿੰਦਰ ਸਿੰਘ): ਕਿਸਾਨਾਂ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਯਾਦ ਪੱਤਰ ਸੌਂਪੇ। ਇਸ ਮੌਕੇ ਭਾਰਤੀ ਕਿਸਾਨ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ, ਸੰਜੂ ਗੁੰਦਿਆਨਾ ਅਤੇ ਮਨਦੀਪ ਛੱਪਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ 9 ਦਸੰਬਰ ਨੂੰ ਕਿਸਾਨਾਂ ਨੂੰ ਦਿੱਲੀ ਬਾਰਡਰ ’ਤੇ ਧਰਨਾ ਸਮਾਪਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰਨ ਦੀ ਲਿਖਤੀ ਸਮਿਹਤੀ ਦਿੱਤੀ ਸੀ ਪਰ ਸਰਕਾਰ ਨੇ ਹੁਣ ਤੱਕ ਨਾ ਤੇ ਆਪਣੀ ਕੋਈ ਪ੍ਰਤਿਕ੍ਰਿਆ ਹੀ ਦਿੱਤੀ ਹੈ ਅਤੇ ਨਾ ਹੀ ਕਿਸਾਨਾਂ ਖਿਲਾਫ਼ ਦਰਜ ਝੂਠੇ ਕੇਸ ਹੀ ਵਾਪਸ ਲਏ ਹਨ।