ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਸਹਿਰੇ ਮੌਕੇ 15 ਅਕਤੂਬਰ ਨੂੰ ਪੁਤਲੇ ਫੂਕਣ ਦੇ ਪ੍ਰੋਗਰਾਮ ’ਚ ਤਬਦੀਲੀ ਕਰਦੇ ਹੋਏ ਹੁਣ 15 ਤੇ 16 ਅਕਤੂਬਰ ਨੂੰ ਭਾਜਪਾ ਆਗੂਆਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਕਿਸਾਨਾਂ ਨੂੰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਯਨਾਥ, ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ, ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਆਦਿ ਦੇ ਪੁਤਲੇ ਸਾੜੇ ਜਾਣਗੇ।
ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਿਸਾਨ 15 ਅਕਤੂਬਰ ਜਾਂ 16 ਅਕਤੂਬਰ ਨੂੰ ਦਸਹਿਰੇ ਮੌਕੇ ਪੁਤਲੇ ਫੂਕ ਸਕਦੇ ਹਨ। ਗਾਜ਼ੀਪੁਰ ਮੋਰਚੇ ਦੇ ਆਗੂ ਧਰਮਿੰਦਰ ਮਲਿਕ ਨੇ ਕਿਹਾ ਕਿ ਮੋਰਚੇ ਦੇ ਪਹਿਲੇ ਪ੍ਰੋਗਰਾਮ 15 ਅਕਤੂਬਰ ਨੂੰ ਦਸਹਿਰੇ ਮੌਕੇ ਭਾਜਪਾ ਆਗੂਆਂ ਦੇ ਪੁੁਤਲੇ ਫੂਕਣ ਦਾ ਪ੍ਰੋਗਰਾਮ ਹੁਣ 16 ਅਕਤੂਬਰ ਨੂੰ ਹੋਵੇਗਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ 9 ਜ਼ਿਲ੍ਹਿਆਂ ਵਿੱਚ ਭਾਜਪਾ ਕਾਰਕੁਨ ਹਿੰਦੂ-ਸਿੱਖਾਂ ਦਰਮਿਆਨ ਫਿਰਕੂ ਤਣਾਅ ਪੈਦਾ ਕਰਨ ਵਰਗੀ ਕੋਈ ਚਾਲ ਨਾ ਚੱਲ ਦੇਣ ਇਸੇ ਕਾਰਨ ਭਾਜਪਾ ਆਗੂਆਂ ਦੇ ਦੇਸ਼ ਦੇ ਕੁਝ ਹਿੱਸਿਆਂ ਵਿੱਚ 16 ਅਕਤੂਬਰ ਨੂੰ ਪੁਤਲੇ ਫੂਕੇ ਜਾਣਗੇ। ਇਹ ਇਸ ਲਈ ਕੀਤਾ ਗਿਆ ਤਾਂ ਜੋ ਉਹ ਕਿਸਾਨ ਜਿਨ੍ਹਾਂ ਨੇ ਭਲਕੇ 15 ਅਕਤੂਬਰ ਨੂੰ ਪੁਤਲੇ ਸਾੜਨੇ ਹਨ, ਉਨ੍ਹਾਂ ਦੇ ਉਲੀਕੇ ਪ੍ਰੋਗਰਾਮ ਪ੍ਰਭਾਵਿਤ ਨਾ ਹੋਣ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਇੱਕ ਅਖ਼ਬਾਰ ਦੇ ਲੇਖ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਦੀ ਹਿੰਦੂ-ਸਿੱਖ ਏਕਤਾ ਵਿੱਚ ਦਰਾਰ ਪਾਉਣ ਦੀ ਚਾਲ ਨਹੀਂ ਚੱਲਣ ਦੇਣੀ। ਜੋਗਿੰਦਰ ਸਿੰਘ ਪਟਿਆਲ ਨੇ ਕਿਹਾ ਕਿ ਭਾਜਪਾ ਦੀਆਂ ਫਿਰਕੂ ਚਾਲਾਂ ਖੁੰਢੀਆਂ ਕਰਨ ਲਈ ਇਹ ਕੀਤਾ ਫ਼ੈਸਲਾ ਹੈ ਕਿ ਸੱਤਾਧਾਰੀ ਹਿੰਦੂ-ਸਿੱਖ ਦਾ ਮੁੱਦਾ ਨਾ ਬਣਾਉਣ ਦੀ ਕੋਸ਼ਿਸ਼ ਨਾ ਕਰੇ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਵੱਲੋਂ ਖੁੱਲ੍ਹੀਆਂ ਧਮਕੀਆਂ ਦੇਣ, ਨਫ਼ਰਤ ਨੂੰ ਉਤਸ਼ਾਹਤ ਕਰਨ ਦੇ ਕਰੀਬ 3 ਹਫ਼ਤਿਆਂ ਮਗਰੋਂ ਵੀ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਨਹੀਂ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਮੋਰਚੇ ਨੇ ਕੇਂਦਰੀ ਰਾਜ ਮੰਤਰੀ ਨੂੰ ਤੁਰੰਤ ਕੇਂਦਰ ਸਰਕਾਰ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ। ਲਖੀਮਪੁਰ ਖੀਰੀ ਦੀਆਂ ਘਟਨਾਵਾਂ ਦੌਰਾਨ ਹੋਏ ਸਮਝੌਤੇ ਤਹਿਤ ਅਜੇ ਤੱਕ ਮੁਆਵਜ਼ਾ ਨਾ ਦਿੱਤੇ ਜਾਣ ਕਰ ਕੇ ਮੋਰਚੇ ਵੱਲੋਂ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲ ਰੋਕੋ ਐਕਸ਼ਨ ਕੀਤਾ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਯਾਦ ਕਰਵਾਇਆ, ‘ਲਖੀਮਪੁਰ ਖੀਰੀ ਦੀਆਂ ਘਟਨਾਵਾਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੁਆਵਜ਼ੇ ਦੀ ਅਦਾਇਗੀ ਬਾਕੀ ਹੈ ਤੇ ਮੋਰਚੇ ਵੱਲੋਂ 18 ਅਕਤੂਬਰ ਨੂੰ ਰੇਲ ਰੋਕੋ ਪੂਰੇ ਭਾਰਤ ਵਿੱਚ ਲਾਗੂ ਕੀਤਾ ਜਾਵੇਗਾ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਕਲਸ਼ ਯਾਤਰਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਤੋਂ ਵੱਖ-ਵੱਖ ਥਾਵਾਂ ’ਤੇ ਸ਼ੁਰੂ ਹੋ ਗਈ ਹੈ।
ਲਖੀਮਪੁਰ ਖੀਰੀ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ: ਉਗਰਾਹਾਂ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਮੋਰਚੇ ’ਤੇ ਸੰਬੋਧਨ ਦੌਰਾਨ ਕਿਹਾ ਕਿ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਲੰਬੇ ਸੰਘਰਸ਼ ’ਚ ਸੱਤ ਸੌ ਕਿਸਾਨਾਂ ਦਾ ਸ਼ਹੀਦ ਹੋ ਜਾਣਾ ਤੇ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿਚ ਆਸ਼ੀਸ਼ ਮਿਸ਼ਰਾ ਨੇ ਅੰਦੋਲਨਕਾਰੀ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਆਪਣੀਆਂ ਤੇਜ਼ ਰਫਤਾਰ ਗੱਡੀਆਂ ਥੱਲੇ ਦਰੜ ਕੇ ਕਤਲ ਕਰ ਦੇਣ ਤੋਂ ਅੰਦਾਜ਼ਾ ਲੱਗਦਾ ਹੈ ਇਸ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ। ਇਹ ਇੱਕ ਬਹੁਤ ਹੀ ਮਾੜਾ ਤੇ ਲੋਕ ਮਨਾਂ ਦੇ ਸੱਟ ਮਾਰਨ ਵਾਲਾ ਵਰਤਾਰਾ ਹੈ। ਉਨ੍ਹਾਂ ਨੇ ਕਿਹਾ ਕਿ ਕਿ ਸਮਾਜ ਦੇ ਲੋਕਾਂ ਨੂੰ ਇਸ ਵਰਤਾਰੇ ਨੂੰ ਸਮਝਣ ਵਾਸਤੇ ਬੜੀ ਗੰਭੀਰਤਾ ਨਾਲ ਸੋਚਣ ਦਾ ਸਵਾਲ ਹੈ। ਇਸ ਲਈ ਦਮ ਰੱਖ ਕੇ ਚੱਲਣਾ ਪੈਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਜਾਬਰ ਹਕੂਮਤਾਂ ਦੇ ਖ਼ਿਲਾਫ਼ ਸੰਘਰਸ਼ ਲਈ ਸਾਡੇ ਦਸਾਂ ਗੁਰੂਆਂ ਗ਼ਦਰੀ ਬਾਬਿਆਂ ਭਗਤ ਸਰਾਭਿਆਂ ਤੋਂ ਸੇਧ ਲੈਣ ਦੀ ਲੋੜ ਹੈ।