ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੂਨ
ਕਿਸਾਨ-ਮੋਰਚਿਆਂ ‘ਤੇ ਡਟੀਆਂ ਕਿਸਾਨ-ਬੀਬੀਆਂ ਨੇ ਲੰਮੇ ਸੰਘਰਸ਼ ਲਈ ਤਿਆਰੀਆਂ ਵਿੱਢ ਲਈਆਂ ਹਨ। ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਆਗੂ ਰਵੀ ਆਜ਼ਾਦ ਤੇ ਟਿਕਰੀ-ਬਾਰਡਰ ‘ਤੇ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਮੋਰਚਿਆਂ ‘ਤੇ ਡਟੀਆਂ ਔਰਤਾਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ।
ਰਵੀ ਆਜ਼ਾਦ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ।
ਟਿੱਕਰੀ ਬਾਰਡਰ ’ਤੇ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਇਨਕਲਾਬੀ ਗੀਤਾਂ ਉੱਪਰ ਕੋਰਿਓਗ੍ਰਾਫੀਆਂ ਅਤੇ ਗਰੁੱਪ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਮੋਰਚੇ ‘ਚ ਸੱਭਿਆਚਾਰਕ ਗਤੀਵਿਧੀਆਂ ਲਈ ਇੱਕ ਟੀਮ ਬਣਾਈ ਗਈ ਹੈ ਜੋ ਮੋਰਚੇ ‘ਚ ਵੱਖ-ਵੱਖ ਥਾਵਾਂ ’ਤੇ ਕੋਰੀਓਗ੍ਰਾਫੀ ਅਤੇ ਗੀਤਾਂ ਰਾਹੀਂ ਮੋਰਚੇ ਵਿੱਚ ਸ਼ਾਮਲ ਲੋਕਾਂ ਅੱਗੇ ਉਸਾਰੂ ਮਹੌਲ ਬਣਾ ਰਹੇ ਹਨ। ਇਸ ਟੀਮ ਵੱਲੋਂ ‘ਤੇਰਾ ਦੇਸ਼ ਭਗਤ ਸਿਆਂ ਲੁੱਟ ਲਿਆ ਗਦਾਰਾਂ ਨੇ’ ਤੇ ਪਿਛਲੇ ਦਿਨੀਂ ਵਿਛੜੇ ਮਹਿੰਦਰ ਸਾਥੀ ਦੇ ‘ਮਸ਼ਾਲਾਂ ਬਾਲ ਕੇ ਚੱਲਣਾ’ ਇਨਕਲਾਬੀ ਗੀਤਾਂ ਉੱਪਰ ਕੋਰਿਓਗ੍ਰਾਫੀ ਤਿਆਰ ਕੀਤੀ ਗਈ। ਟੀਮ ਵੱਲੋਂ ਗਰੁੱਪ ਦੇ ਰੂਪ ‘ਚ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਸੰਤ ਰਾਮ ਉਦਾਸੀ ਦੇ ਗੀਤ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਭਾਜਪਾ ਤੇ ਜੇਜੇਪੀ ਆਗੂ ਭੜਕਾਹਟ ਪੈਦਾ ਨਾ ਕਰਨ: ਮੋਰਚਾ
ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਤੇ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨਾਂ ਨੂੰ ਭੜਕਾਉਣ ਤੋਂ ਬਾਜ਼ ਆਉਣ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਭਾਜਪਾ ਅਤੇ ਜੇ.ਜੇ.ਪੀ. ਦੇ ਆਗੂਆਂ ਨੂੰ ਕਿਸਾਨਾਂ ਨੂੰ ਬਿਨਾਂ ਵਜ੍ਹਾ ਭੜਕਾਉਣ ਤੋਂ ਬਾਜ਼ ਆਉਣ ਦੀ ਚਿਤਾਵਨੀ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੂੰ ਬਲਦੀ ਉਪਰ ਤੇਲ ਪਾ ਕੇ ਕਿਸਾਨਾਂ ਦੇ ਰੋਹ ਅਤੇ ਦਰਦ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਕਿਸਾਨਾਂ ਦੇ ਪੱਖ ’ਚ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਉੱਪਰ ਅੱਜ ਖਰਕੌਂਡਾ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਵੱਲੋਂ ਘੱਟੋਘੱਟ ਦਸ ਟਰਾਲੀਆਂ ਭਰ ਕੇ ਕਣਕ ਲੰਗਰ ਦੀ ਸੇਵਾ ਲਈ ਭੇਜੀ ਗਈ। ਇਹ ਹਮਾਇਤ ਰਾਸ਼ਟਰੀ ਕਿਸਾਨ ਮਹਾ ਸੰਘ ਦੀ ਮੱਦਦ ਨਾਲ ਜੁਟਾਈ ਗਈ। ਇਸ ਤੋਂ ਇਲਾਵਾ, ਸੋਨੀਪਤ ਅਤੇ ਨੇੜੇ-ਤੇੜੇ ਦੇ ਪਿੰਡਾਂ ਤੋਂ ਬੀ.ਕੇ.ਯੂ. ਚੜੂਨੀ ਦੇ ਸਹਿਯੋਗ ਨਾਲ 40 ਟਰਾਲੀਆਂ ਤੋਂ ਵਧੇਰੇ ਕਣਕ ਇਕੱਠੀ ਕਰਕੇ ਅੰਦੋਲਨ ਲਈ ਭੇਜੀ ਗਈ
ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਡਰ ਦਿੱਲੀ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਪ੍ਰਧਾਨ ਹਰਪ੍ਰੀਤ ਸਿੰਘ ਝਬੇਲਵਾਲੀ ਦੀ ਪ੍ਰਧਾਨਗੀ ਹੇਠ ਹੋਈ। ਰੋਜ਼ਾਨਾ ਦੀ ਤਰ੍ਹਾਂ ਸਟੇਜ ਦੀ ਕਾਰਵਾਈ ਚਲਾਈ ਗਈ ਜਿਸ ਵਿੱਚ ਦਾ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਸਵਰਗਵਾਸ ਹੋਣ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਦੀਆਂ ਟਰੇਡ ਯੂਨੀਅਨਾਂ ਦੇ ਜੱਥੇ ਸ਼ਾਮਿਲ ਹੋਏ। ਜਿਸ ਵਿੱਚ ਬੁਲਾਰੇ ਨਿੱਜੀ ਕਰਨ ਦੀਆਂ ਨੀਤੀਆਂ ਦੇ ਵਿਰੁੱਧ ਅੰਦੋਲਨ ਤੇਜ ਕਰਨ ਦਾ ਐਲਾਨ ਕੀਤਾ। ਆਲ ਇੰਡੀਆ ਕਿਸਾਨ ਮਜ਼ਦੁਰ ਸਭਾ ਤਿਲੰਗਾਨਾ ਦੇ ਕਿਸਾਨ ਜੱਥੇ ਸ਼ਾਮਿਲ ਹੋਏ। ਤੇਲਗੂ ਭਾਸ਼ਾ ਵਿਚ ਭਾਸ਼ਣ ਦਿੱਤਾ। ਟਿਕਰੀ ਬਾਡਰ ਤੇ ਆਤਮ ਹੱਤਿਆਂ ਕਰਨ ਵਾਲੇ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਫਿਰਕੂ ਰੰਗਤ ਦੇਣ ਵਾਲਿਆਂ ਦੀ ਨਿਖੇਧੀ ਕੀਤੀ। ਟਰਾਂਸਪੋਰਟ ਯੂਨੀਅਨ ਦੇ ਆਗੂ ਗੁਰਜੰਟ ਕੋਕਰੀ ਨੇ ਦੱਸਿਆ ਕਿ ਬੱਸਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ। ਜਿਸ ਨਾਲ ਹਜ਼ਾਰਾਂ ਕਾਮੇਂ ਵਿਹਲੇ ਹੋ ਜਾਣਗੇ। ਦੇਸ਼ ਦੀ ਤਬਾਹੀ ਤੈਅ ਹੈ। ਇਸ ਤੋਂ ਇਲਾਵਾ ਜੋ ਕਿਸਾਨ ਮੋਰਚੇ ਡਟੇ ਹੋਏ ਨੇ ਸਨਮਾਨ ਕੀਤਾ ਗਿਆ।ਇਸ ਦੌਰਾਨ ਜੀਆ ਲਾਲ, ਚੌਧਰੀ ਬਾਰੂ ਰਾਮ ਤਜਿੰਦਰ ਰਤੀਆ, ਵਿਕਾਸ ਸੀਸਰ ਹਾਜ਼ਰ ਸਨ।