ਨਵੀਂ ਦਿੱਲੀ , 11 ਜੁਲਾਈ
ਇਥੇ ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਪ੍ਰਾਪਰਟੀ ਡੀਲਰ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਉਣ ਦੇ ਬਾਅਦ ਉਨ੍ਹਾਂ ਦੇ ਘਰ ਵਿੱਚੋਂ ਅੱਠ ਲੱਖ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਲੁੱਟਣ ਦੇ ਦੋਸ਼ ਹੇਠ ਪੁਲੀਸ ਨੇ ਐਤਵਾਰ ਨੂੰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਮ ਨਗਰ ਬੱਸ ਟਰਮੀਨਲ ਦੇ ਕੋਲ ਮੁੱਠਭੇੜ ਤੋਂ ਬਾਅਦ ਅੰਕੁਸ਼(23), ਮੁਕੁਲ (24) ਨਾਮਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਜਦੋਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਜਵਾਬੀ ਕਾਰਵਾਈ ਵਿੱੱਚ ਅੰਕੁਸ਼ ਨੂੰ ਗੋਲੀ ਲੱਗੀ ਹੈ। ਇਨ੍ਹਾਂ ਫੜ੍ਹੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਦੀਪਾਂਸ਼ੂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੀਪਾਂਸ਼ੂ ਵਿਨੋਦ ਲਾਲ ਪ੍ਰਾਪਰਟੀ ਡੀਲਰ ਕੋਲ ਕੰਮ ਕਰਦਾ ਸੀ ਜਿਸਦੇ ਘਰ ਹੀ ਉਨ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। -ਪੀਟੀਆਈ