ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ‘ਕਵੀ ਤੇ ਕਥਾਕਾਰ ਰੂ-ਬ-ਰੂ’ ਪ੍ਰੋਗਰਾਮ ਵਿਚ ਗੁਰਤੇਜ ਕੁਹਾਰਵਾਲਾ ਅਤੇ ਕਥਾਕਾਰ ਸਾਂਵਲ ਧਾਮੀ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਸਾਹਿਤ ਅਤੇ ਸਾਹਿਤਕਾਰ ਦੀ ਜ਼ਿੰਮੇਵਾਰੀ ਨੂੰ ਯਥਾਰਥ ਦੀ ਪੇਸ਼ਕਾਰੀ, ਸੰਭਾਵਨਾਵਾਂ ਨੂੰ ਉਜਾਗਰ ਕਰਨ ਅਤੇ ਆਦਰਸ਼ ਸਮਾਜ ਦੀ ਸਿਰਜਣਾ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਇਹ ਦੋਵੇਂ ਸਾਹਿਤਕਾਰ ਆਪਣੀ ਸਾਹਿਤਕ ਜ਼ਿੰਮੇਵਾਰੀ ਪ੍ਰਤੀ ਬਹੁਤ ਚੇਤੰਨ ਹਨ ਤੇ ਦੋਵਾਂ ਦੇ ਜੀਵਨ ਅਤੇ ਸਾਹਿਤ ਵਿਚ ਇਕਸੁਰਤਾ ਵੀ ਦਿਖਾਈ ਦਿੰਦੀ ਹੈ। ਵਿਦਿਆਰਥੀਆਂ ਨੂੰ ਮੁਖ਼ਾਤਬਿ ਹੁੰਦਿਆਂ ਕਹਾਣੀਕਾਰ ਸਾਂਵਲ ਧਾਮੀ ਨੇ ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਡਾ. ਬਲਜਿੰਦਰ ਨਸਰਾਲੀ, ਸੰਚਾਲਨ ਪ੍ਰੋ. ਕੁਲਵੀਰ ਗੋਜਰਾ ਨੇ ਕੀਤਾ। ਡਾ. ਰਜਨੀ ਬਾਲਾ, ਡਾ. ਯਾਦਵਿੰਦਰ ਸਿੰਘ, ਡਾ. ਨਛੱਤਰ ਸਿੰਘ, ਡਾ. ਕੁਲਦੀਪ ਕੌਰ ਪਾਹਵਾ ਅਤੇ ਡਾ. ਰਵਿੰਦਰ ਕੌਰ ਬੇਦੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ