ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅੱਜ ਪੰਜਾਬੀ ਸਾਹਿਤਕ ਰਸਾਲੇ ‘ਤਾਸਮਨ’ ਦਾ ਛੇਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਰਿਲੀਜ਼ ਸਮਾਰੋਹ ਵਿਚ ਰਸਾਲੇ ਦੇ ਸੰਪਾਦਕ ਸਤਪਾਲ ਭੀਖੀ, ਸਹਿ ਸੰਪਾਦਕ ਸੁਮੀਤ ਸ਼ੰਮੀ ਅਤੇ ਕੈਲੀਬਰ ਪ੍ਰਕਾਸ਼ਨ ਦੇ ਮਾਲਕ ਸੁਖਵਿੰਦਰ ਸੁੱਖੀ ਸ਼ਾਮਿਲ ਹੋਏ।
ਵਿਭਾਗ ਦੇ ਸੈਮੀਨਾਰ ਹਾਲ ਵਿਚ ਹੋਏ ਇਸ ਰੂ-ਬ-ਰੂ ਸਮਾਰੋਹ ਵਿਚ ਮੰਚ ਸੰਚਾਲਨ ਦੌਰਾਨ ਡਾ. ਯਾਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ। ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ਰਸਾਲੇ ‘ਤਾਸਮਨ’ ਦੀ ਵਿਲੱਖਣਤਾ ’ਤੇ ਧਿਆਨ ਦਿਵਾਉਂਦਿਆਂ ਸਾਹਿਤਕ ਰਸਾਲਿਆਂ ਦੀ ਮਹੱਤਤਾ ਦੱਸੀ।
‘ਤਾਸਮਨ’ ਦੇ ਸੰਪਾਦਕ ਸਤਪਾਲ ਭੀਖੀ ਨੇ ਰਸਾਲੇ ਅਤੇ ਸੰਪਾਦਨ ਦੇ ਹੁਣ ਤਕ ਦੇ ਸਫ਼ਰ ਬਾਰੇ ਆਪਣੇ ਅਨੁਭਵ ਨੂੰ ਸਾਂਝਿਆ ਕੀਤਾ। ਉਨ੍ਹਾਂ ਨੇ ‘ਤਾਸਮਨ’ ਦੀਆਂ ਵਿਲੱਖਣਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਰਸਾਲੇ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤ ਦੇ ਨਾਲ-ਨਾਲ ਪਰਵਾਸੀ ਪੰਜਾਬੀ ਸਾਹਿਤ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਆਖ਼ਿਰ ਵਿਚ ਸਤਪਾਲ ਭੀਖੀ ਨੇ ਆਪਣੀਆਂ ਕਵਿਤਾਵਾਂ ਨਾਲ ਵੀ ਸਭ ਨੂੰ ਸਰਸ਼ਾਰ ਕੀਤਾ।
ਰਸਾਲੇ ਦੇ ਸਹਿ ਸੰਪਾਦਕ ਸੁਮੀਤ ਸ਼ੰਮੀ ਨੇ ਰਸਾਲੇ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਹੁੰਦੀ ਸਪਾਂਸਰਸ਼ਿਪ ਅਤੇ ਆਰਥਿਕ ਮਦਦ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ‘ਤਾਸਮਨ’ ਕਿਵੇਂ ਇਕ ਟੀਮ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ।
ਕੈਲੀਬਰ ਪਬਲੀਕੇਸ਼ਨ ਦੇ ਮਾਲਕ ਸੁਖਵਿੰਦਰ ਸੁੱਖੀ ਨੇ ਪਿੰਡ ਤੋਂ ਯੂਨੀਵਰਸਿਟੀ ਤੱਕ ਪਹੁੰਚਣ ਅਤੇ ਪਬਲਿਸ਼ਰ ਬਣਨ ਦੇ ਸੰਘਰਸ਼ ਭਰੇ ਸਫ਼ਰ ਤੋਂ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦੇ ਅੰਤ ਵਿਚ ਡਾ. ਬਲਜਿੰਦਰ ਨਸਰਾਲੀ ਨੇ ਇਕ ਕਹਾਣੀਕਾਰ ਵਜੋਂ ਸਾਹਿਤਕ ਰਸਾਲਿਆਂ, ਪ੍ਰਕਾਸ਼ਕਾਂ ਤੇ ਕਿਤਾਬ ਵਿਕਰੇਤਾਵਾਂ ਦੀ ਭੂਮਿਕਾ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਡਾ. ਕੁਲਵੀਰ ਗੋਜਰਾ ਨੇ ਸਮੁੱਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਜਸਪਾਲ ਕੌਰ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ ਅਤੇ ਡਾ. ਰੰਜੂ ਬਾਲਾ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਵੀ ਹਾਜ਼ਰ ਹੋਏ।