ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਅਦਾਰਾ ‘ਸੁਖ਼ਨਲੋਕ’ ਵੱਲੋਂ ’ਵਰਸਿਟੀ ਦੇ ਪੰਜਾਬੀ ਵਿਭਾਗ ’ਚ ਬੀਤੇ ਦਿਨ ਆਸਟਰੇਲੀਆ ਦੇ ਮਿੰਟੂ ਬਰਾੜ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਮਿੰਟੂ ਬਰਾੜ ਦੀ ਸੋਚ ਨੂੰ ਆਪਣੀ ਵਿਹਾਰਕ ਜ਼ਿੰਦਗੀ ਦਾ ਹਿੱਸਾ ਬਣਾਉਣ ਉੱਤੇ ਜ਼ੋਰ ਦਿੱਤਾ। ਅਦਾਰਾ ‘ਸੁਖ਼ਨਲੋਕ’ ਦੇ ਸੰਚਾਲਕ ਨੇ ਮਿੰਟੂ ਬਰਾੜ ਦੇ ਯੂਟਿਊਬ ਚੈਨਲ ‘ਪੇਂਡੂ ਆਸਟਰੇਲੀਆ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਿੰਟੂ ਬਰਾੜ ਨੇ ਆਪਣੇ ਚੈਨਲ ਰਾਹੀਂ ਪਰਵਾਸੀ ਜੀਵਨ, ਸੱਭਿਆਚਾਰ, ਖੇਤੀਬਾੜੀ ਅਤੇ ਉੱਘੀਆਂ ਸ਼ਖ਼ਸੀਅਤਾਂ ਨੂੰ ਪੇਸ਼ ਕਰਕੇ ਪੰਜਾਬੀਆਂ ਨੂੰ ਨਵੀਆਂ ਜਾਣਕਾਰੀਆਂ ਦੇ ਰੂ-ਬ-ਰੂ ਕੀਤਾ ਹੈ। ਇਸ ਦੌਰਾਨ ਮਿੰਟੂ ਬਰਾੜ ਨੇ ਆਪਣੇ ਜੀਵਨ, ਕਾਰਜਾਂ ਤੇ ਰਚਨਾਕਾਰੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਮਸਲਿਆਂ ਬਾਰੇ ਸਪੱਸ਼ਟ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਉਹ ਹਰਿਆਣਾ ਦੇ ਕਾਲਿਆਂਵਾਲੀ ਮੰਡੀ ਵਿਚਲੇ ਛੋਟੇ ਜਿਹੇ ਪਿੰਡ ਦੇਸੂ ਮਲਕਾਣਾ ਦੇ ਜੰਮਪਲ ਹਨ ਪਰ ਸਕੂਲ ਵਿਚ ਪੰਜਾਬੀ ਨਾ ਹੋਣ ਕਾਰਨ ਉਹ ਪੰਜਾਬੀ ਦੀ ਪੜ੍ਹਾਈ ਤੋਂ ਵਾਂਝੇ ਰਹੇ। ਹਰਿਆਣਾ ਰਹਿੰਦਿਆਂ ਉਨ੍ਹਾਂ ਨੇ ਦੋਸਤਾਂ ਨਾਲ ਮਿਲ ਕੇ ‘ਸਹਾਰਾ ਵੈੱਲਫੇਅਰ ਕਲੱਬ’ ਬਣਾਇਆ ਸੀ ਜਿਸ ਦਾ ਮਨੋਰਥ ਹਾਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਕਲੱਬ ਨੇ ਹਾਦਸਿਆਂ ਦਾ ਸ਼ਿਕਾਰ ਹੋਏ ਤਕਰੀਬਨ 2000 ਲੋਕਾਂ ਦੀ ਜਾਨਾਂ ਬਚਾਈਆਂ ਹਨ। ਇਸ ਮਗਰੋਂ 2007 ਵਿਚ ਆਸਟਰੇਲੀਆ ਚਲੇ ਗਏ ਤੇ ਉਥੇ ਇਕ ਸਫ਼ਲ ਕਿਸਾਨ ਵਜੋਂ ਪਛਾਣ ਬਣਾਈ। 2014 ਵਿਚ ‘ਪੇਂਡੂ ਆਸਟਰੇਲੀਆ’ ਨਾਂ ਦਾ ਚੈਨਲ ਸ਼ੁਰੂ ਕੀਤਾ ਜਿਸ ਰਾਹੀਂ ਆਸਟਰੇਲੀਆਂ ਦੇ ਪਿੰਡਾਂ ਦੇ ਨਾਲ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਪੇਸ਼ ਕੀਤਾ। ਇਸ ਤੋਂ ਇਲਾਵਾ ਆਸਟਰੇਲੀਆਂ ਵਿਚ ਪੰਜਾਬੀ ਅਖਬਾਰ ਦੀ ਸ਼ੁਰੂਆਤ ਕੀਤੀ ਅਤੇ ਅਨਲਾਈਨ ‘ਹਰਮਨ ਰੇਡੀਓ’ ਦਾ ਸੰਚਾਲਨ ਵੀ ਕੀਤਾ। ਉਨ੍ਹਾਂ ਦੱਸਿਆਂ ਕਿ ਉਹ ਸਾਰੇ ਪੰਜਾਬੀਆਂ ਨੂੰ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦਾ ਅਗਲਾ ਸੁਫ਼ਨਾ ਹੈ ਕਿ ਸਾਰੇ ਪੰਜਾਬੀ, ਪੰਜਾਬੀ ਬੋਲੀ ਨੂੰ ਮਾਣ ਨਾਲ ਬੋਲਣਾ ਪੜ੍ਹਨਾ ਸਿੱਖਣ। ਇਸ ਸਮਾਗਮ ਵਿਚ ਡਾ. ਬਲਜਿੰਦਰ ਨਸਰਾਲੀ, ਡਾ. ਰੰਜੂ ਬਾਲਾ, ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰਜਨੀ ਬਾਲਾ, ਗੁਰਭੇਜ ਸਿੰਘ ਗੁਰਾਇਆ, ਤੇਜਿੰਦਰ ਸਿੰਘ ਨਲਵਾ ਤੋਂ ਇਲਾਵਾ ਵਿਦਿਆਰਥੀਆਂ, ਸਾਹਿਤ ਪ੍ਰੇਮੀਆਂ ਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।