ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਦਿੱਲੀ ਤੇ ਐੱਨਸੀਆਰ ਵਿੱਚ ਅੱਜ ਕੜਾਕੇ ਦੀ ਠੰਢ ਜਾਰੀ ਰਹੀ। ਦਿਨ ਭਰ ਸੂਰਜ ਬੱਦਲਾਂ ਉਹਲੇ ਰਿਹਾ। ਲੋਕ ਘਰਾਂ ਵਿੱਚ ਦੜ ਵੱਟ ਕੇ ਰਹਿਣ ਲਈ ਮਜਬੂਰ ਰਹੇ ਤੇ ਥਾਂ-ਥਾਂ ਧੂਣੀ ਸੇਕਦੇ ਦੇਖੇ ਗਏ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅਗਲੇ ਦੋ ਦਿਨਾਂ ਦੌਰਾਨ ਦਿੱਲੀ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ ਵਿੱਚ ਅੱਜ ਸਵੇਰੇ 7 ਵਜੇ ਘੱਟੋ-ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਸਵੇਰੇ 8.30 ਵਜੇ ਨਮੀ 87 ਫੀਸਦੀ ਰਹੀ। ਲਗਾਤਾਰ ਦੋ ਦਿਨ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਅੱਜ ਸਵੇਰੇ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ। ਭਾਰਤੀ ਮੌਸਮ ਵਿਭਾਗ ਵੱਲੋਂ ਰਾਸ਼ਟਰੀ ਰਾਜਧਾਨੀ ਲਈ ਸ਼ੀਤ ਲਹਿਰ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਜ ‘ਮਾੜੀ’ ਸ਼੍ਰੇਣੀ ਵਿੱਚ ਸੁਧਰ ਗਈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਇੰਡੀਆ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 262 ’ਤੇ ਖੜ੍ਹਾ ਹੈ। ਨੋਇਡਾ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਜ਼ੋਨ ਵਿੱਚ ਬਣੀ ਹੋਈ ਹੈ ਤੇ ਸਮੁੱਚੇ ਤੌਰ ’ਤੇ ਏਕਿਊਆਈ 323 ’ਤੇ ਰਿਹਾ। ਦੂਜੇ ਪਾਸੇ, ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ 201 ’ਤੇ ਏਕਿਊਆਈ ਦੇ ਨਾਲ ‘ਮਾੜੀ’ ਸ਼੍ਰੇਣੀ ਵਿੱਚ ਰਹੀ। ਫਰੀਦਾਬਾਦ ਵਿੱਚ ਏਕਿਊਆਈ 302, ਗਾਜ਼ੀਆਬਾਦ 258 ਤੇ ਗ੍ਰੇਟਰ ਨੋਇਡਾ ਵਿੱਚ 238 ਰਿਹਾ।