ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ’ਚ ਮਿਲੇ ਬੈਗ ਵਿਚੋਂ ਇਕ ਆਈਈਡੀ ਬਰਾਮਦ ਕੀਤੇ ਜਾਣ ਤੋਂ ਇਕ ਦਿਨ ਬਾਅਦ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਇਹ ਖਾਸ ਵਿਸਫੋਟਕ ਸ਼ਹਿਰ ਭਰ ਵਿੱਚ ਜਨਤਕ ਥਾਵਾਂ ’ਤੇ ਧਮਾਕੇ ਕੀਤੇ ਜਾਣ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਸੀ। ਇਸੇ ਦੌਰਾਨ ਜਾਂਚ ਟੀਮ ਵੱਲੋਂ ਪੁਰਾਣੀ ਸੀਮਾਪੁਰੀ ਦੇ ਉਸ ਘਰ ਦੇ ਕੋਨੇ-ਕੋਨੇ ਤੇ ਆਸ-ਪਾਸ ਡੂੰਘੀ ਤਲਾਸ਼ੀ ਲਈ ਗਈ। ਦੱਸਿਆ ਗਿਆ ਹੈ ਕਿ ਉਸ ਘਰ ਵਿੱਚ 2-3 ਲੋਕ ਰਹਿੰਦੇ ਸਨ ਜਿੱਥੋਂ ਆਈਈਡੀ ਬਰਾਮਦ ਕੀਤਾ ਗਿਆ ਸੀ। ਘਰ ਦੇ ਮਾਲਕ ਅਤੇ ਇੱਕ ਪ੍ਰਾਪਰਟੀ ਡੀਲਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਸਥਾਨਾ ਨੇ ਕਿਹਾ, ‘‘17 ਜਨਵਰੀ ਨੂੰ ਗਾਜ਼ੀਪੁਰ ਵਿੱਚ ਆਈਈਡੀ ਬਰਾਮਦ ਕੀਤੀ ਗਈ ਸੀ ਤੇ ਵੀਰਵਾਰ ਨੂੰ ਪੁਰਾਣੀ ਸੀਮਾਪੁਰੀ ਵਿੱਚ ਵੀ ਅਜਿਹਾ ਹੀ ਇੱਕ ਆਈਈਡੀ ਬਰਾਮਦ ਕੀਤਾ ਗਿਆ ਸੀ ਤੇ ਇਸ ਨੂੰ ਬੇਅਸਰ ਕਰ ਦਿੱਤਾ ਗਿਆ ਸੀ। ਜਾਂਚ ਮੁਤਾਬਕ ਇਹ ਆਈਈਡੀ ਜਨਤਕ ਥਾਵਾਂ ’ਤੇ ਧਮਾਕੇ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਸੀ। ਸਥਾਨਕ ਸਹਿਯੋਗ ਤੋਂ ਬਿਨਾਂ ਅਜਿਹੀਆਂ ਗਤੀਵਿਧੀਆਂ ਸੰਭਵ ਨਹੀਂ ਹਨ’’। ਐਨਐਸਜੀ ਸੂਤਰਾਂ ਨੇ ਕਿਹਾ ਕਿ ਵਿਸਫੋਟਕ ਅਮੋਨੀਅਮ ਨਾਈਟ੍ਰੇਟ ਤੇ ਆਰਡੀਐਕਸ ਦਾ ਮਿਸ਼ਰਨ ਹੋਣ ਦਾ ਸ਼ੱਕ ਹੈ ਪਰ ਫੋਰੈਂਸਿਕ ਲੈਬ ਇਸ ਦੀ ਵਿਸਥਾਰ ਨਾਲ ਜਾਂਚ ਕਰੇਗੀ। ਇਸ ਵਿਸਫੋਟਕ ਨਾਲ ਪਿਛਲੇ ਮਹੀਨੇ ਗਣਤੰਤਰ ਦਿਵਸ ਤੋਂ ਪਹਿਲਾਂ ਗਾਜ਼ੀਪੁਰ ਫੁੱਲ ਬਾਜ਼ਾਰ ਤੋਂ ਬਰਾਮਦ ਕੀਤੇ ਗਏ ਵਿਸਫੋਟਕ ਨਾਲ ਸਮਾਨਤਾ ਹੈ, ਪੁਲੀਸ ਦਾ ਮੰਨਣਾ ਹੈ ਕਿ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਸਪੈਸ਼ਲ ਸੈੱਲ ਤੇ ਹੋਰ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਤੇ ਅੱਗੇ-ਪਿੱਛੇ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ। ਹੋਰ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।