ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਫਰਵਰੀ
ਦਿੱਲੀ ਪੁਲੀਸ ਨੇ ਅੱਜ ਇਥੇ ਪੁਰਾਣੀ ਸੀਮਾਪੁਰੀ ਇਲਾਕੇ ਵਿੱਚ ਬੈਗ ’ਚੋਂ ਧਮਾਕਾਖੇਜ਼ ਸਮੱਗਰੀ (ਆਈਈਡੀ) ਬਰਾਮਦ ਕੀਤੀ ਹੈ। ਇਹ ਬੈਗ ਇੱਕ ਅਪਾਰਟਮੈਂਟ ਵਿੱਚੋਂ ਮਿਲਿਆ ਹੈ। ਰੋਹਿਣੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਅਪਾਰਟਮੈਂਟ ਵਿੱਚ ਫੋਰੈਂਸਿਕ ਜਾਂਚ ਕਰ ਰਹੀ ਹੈ। ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦੀ ਟੀਮ ਆਈਈਡੀ ਨੂੰ ਨਕਾਰਾ ਕਰਨ ਲਈ ਆਪਣੇ ਨਾਲ ਲੈ ਗਈ। ਸੂਤਰਾਂ ਮੁਤਾਬਕ ਇਸ ਨੂੰ ਖੁੱਲ੍ਹੇ ਖੇਤਰ ਵਿੱਚ ਨਸ਼ਟ ਕਰ ਦਿੱਤਾ ਗਿਆ ਹੈ। ਅਪਾਰਟਮੈਂਟ ਦਾ ਮਾਲਕ ਕਾਸਿਮ ਨਾਂ ਦਾ ਠੇਕੇਦਾਰ ਹੈ, ਜਿਸ ਦੇ ਪਿਤਾ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਕਾਸਿਮ ਨੇ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਸਥਿਤ ਅਪਾਰਟਮੈਂਟ ਨੂੰ ਸ਼ਕੀਲ ਨਾਂ ਦੇ ਪ੍ਰਾਪਰਟੀ ਡੀਲਰ ਰਾਹੀਂ ਕਿਰਾਏ ’ਤੇ ਲਿਆ ਸੀ। ਇਹ ਇਕ ਵਿਅਕਤੀ ਨੂੰ ਕਿਰਾਏ ’ਤੇ ਦਿੱਤਾ ਗਿਆ ਸੀ, ਪਰ ਤਿੰਨ ਹੋਰ ਵਿਅਕਤੀ 10 ਦਿਨ ਪਹਿਲਾਂ ਉਥੋਂ ਚਲੇ ਗਏ ਸਨ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਉਥੋਂ ਫ਼ਰਾਰ ਹੋ ਗਏ।
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕਈ ਦਰਜਨ ਸ਼ੱਕੀ ਫ਼ੋਨ ਕਾਲਾਂ ਨੂੰ ਘੋਖਿਆ ਸੀ, ਜਿਸ ਕਾਰਨ ਉਹ ਮੌਕੇ ’ਤੇ ਪਹੁੰਚਣ ਵਿੱਚ ਸਫ਼ਲ ਰਹੇ। ਸਪੈਸ਼ਲ ਸੈੱਲ ਨੇ ਮਸ਼ਕੂਕਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਹਾਸਲ ਕਰ ਲਈਆਂ ਹਨ। ਉਂਜ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਦੇ ਰਹਿਣ ਵਾਲੇ ਹਨ। ਪੁਲੀਸ ਨੂੰ ਸ਼ੱਕ ਹੈ ਕਿ ਉਹ ਕਿਸੇ ਸਲੀਪਰ ਸੈੱਲ ਦਾ ਹਿੱਸਾ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਹਨ। ਸਪੈਸ਼ਲ ਸੈੱਲ ਦੇ ਡੀਸੀਪੀ ਅਤੇ ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵੀ ਮੌਕੇ ’ਤੇ ਮੌਜੂਦ ਸਨ।