ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਗਸਤ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿੱਚ ਸਕੂਲ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਦੇ ਐਕਟੀਵਿਟੀ ਹਾਲ ਵਿੱਚ ਮਾਡਲਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਕੀਤਾ ਗਿਆ। ਮੁੱਖ ਤੌਰ ’ਤੇ ਇਹ ਪ੍ਰਦਰਸ਼ਨੀ ਭਾਸ਼ਾਵਾਂ ਦੇ ਆਧਾਰ ’ਤੇ ਲਾਈ ਗਈ ਸੀ, ਜਿਸ ਵਿੱਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦੀ ਵੱਖ-ਵੱਖ ਕਲਾਕ੍ਰਿਤੀਆਂ ਬਣਾ ਕੇ ਮਾਪਿਆਂ ਦੇ ਸਾਹਮਣੇ ਪ੍ਰਦਰਿਸ਼ਤ ਕੀਤੀਆਂ ਗਈਆਂ। ਅੰਗਰੇਜ਼ੀ ਵਿਭਾਗ ਵੱਲੋਂ ਵਾਤਾਵਰਨ ਅਤੇ ਨਰੋਈ ਸਿਹਤ ਵਿਸ਼ੇ ਦੇ ਆਧਾਰ ਤੇ ਵੱਖ-ਵੱਖ ਮਾਡਲ ਅਤੇ ਚਾਰਟ ਪ੍ਰਦਰਸ਼ਤ ਕੀਤੇ ਗਏ ਤੇ ਸੋਹਣੀ ਪੀ.ਪੀ.ਟੀ. ਰਾਹੀਂ ਮਾਪਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਹਿੰਦੀ ਵਿਭਾਗ ਨੇ ਗਲੋਬਲ ਵਾਰਮਿੰਗ ਦੇ ਵੱਧ ਰਹੇ ਖਤਰੇ ਤੋਂ ਬਚਾਅ ਕਿਵੇਂ ਵਿਸ਼ੇ ਤੇ ਚਾਰਟਾਂ ਅਤੇ ਮਾਡਲਾਂ ਰਾਹੀਂ ਪ੍ਰਦਰਸ਼ਨੀ ਨੂੰ ਰੌਚਕ ਬਣਾਉਣ ਦਾ ਯਤਨ ਕੀਤਾ। ਪੰਜਾਬੀ ਵਿਭਾਗ ਵੱਲੋਂ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ‘ਪੰਜਾਬੀ ਸੱਭਿਆਚਾਰ’ ਦੇ ਵਿਸ਼ੇ ਉੱਤੇ ਪੰਜਾਬੀ ਦੇ ਰਸਮੋ-ਰਿਵਾਜ, ਪੰਜਾਬ ਦੇ ਲੋਕ-ਨਾਚ, ਪੰਜਾਬ ਦੀਆਂ ਖੇਡਾਂ, ਪੰਜਾਬੀ ਖੁਰਾਕ, ਪੰਜਾਬੀ ਪਹਿਰਾਵਾ, ਫੁੱਲਕਾਰੀ, ਦਿਨ-ਤਿਉਹਾਰਾਂ ਨਾਲ ਸਬੰਧਤ ਚਾਰਟ ਅਤੇ ਮਾਡਲ ਬਣਾਏ ਗਏ। ਮਾਪਿਆਂ ਲਈ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਸਕੂਲੀ ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਗੁਰਦੁਆਰਾ ਸਾਹਿਬ ਦਾ ਮਾਡਲ ਸੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਆਉਣ ਵਾਲੇ ਮਾਪਿਆਂ ਨੂੰ ਪੰਜਾਬੀ ਦੀ ਵਿਰਾਸਤ ਤੋਂ ਜਾਣੂ ਕਰਾਇਆ ਜਾ ਰਿਹਾ ਸੀ। ਪਰਵਿੰਦਰ ਸਿੰਘ ਲੱਕੀ ਹੋਰਾਂ ਨੇ ਆਪਣੇ ਲਿਖਤੀ ਸੁਨੇਹੇ ਰਾਹੀਂ ਦੱਸਿਆ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਚਹੁੰਮੁਖੀ ਵਿਕਾਸ ਲਈ ਵਚਨਬੱਧ ਹਨ।