ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਅਣਵੰਡੇ ਪੰਜਾਬ ਦੇ ਖਾਣਿਆਂ ਬਾਰੇ ਅੱਜ ਰਾਜੌਰੀ ਗਾਰਡਨ ਦੇ ਰੇਸਤਰਾਂ ਵਿਚ ਸਮਾਗਮ ਕੀਤਾ ਗਿਆ। ਇਸ ਵਿੱਚ ਉਨ੍ਹਾਂ ਖਾਣਿਆਂ ਦਾ ਜ਼ਿਕਰ ਕੀਤਾ ਗਿਆ ਜੋ ਪੰਜਾਬੀ ਪਰਿਵਾਰਾਂ ਦਾ ਰੋਜ਼ਾਨਾ ਦਾ ਹਿੱਸਾ ਸਨ ਤੇ ਸਿਹਤਮੰਦ ਵੀ ਸਨ ਪਰ ਹੁਣ ਉਨ੍ਹਾਂ ਦੇ ਲੋਪ ਹੋਣ ਜਾਂ ਘੱਟ ਪ੍ਰਚੱਲਿਤ ਹੋਣ ਬਾਰੇ ਵੱਖ-ਵੱਖ ਪਹਿਲੂ ਵਿਚਾਰੇ ਗਏ। ਵਿਰਾਸਤ ਸਾਂਭ ਦੇ ਕਾਰਕੁਨ ਵਿਕਰਮਜੀਤ ਸਿੰਘ ਰੂਪ ਰਾਇ ਵੱਲੋਂ ਸਾਂਝੀ ਵਿਰਾਸਤ ਬਾਰੇ ਭਾਸ਼ਣ ਦਿੱਤਾ ਗਿਆ। ਇਸ ਵੈਬਿਨਾਰ ਵਿੱਚ ਕੰਚਨ ਭੂਪਲ, ਅਮਰਜੀਤ ਸਿੰਘ ਸਣੇ ਦਿੱਲੀ ਦੇ ਉੱਘੇ ਲੋਕਾਂ ਨੇ ਸ਼ਿਰਕਤ ਕੀਤੀ। ਫ਼ਕੀਰ ਸਈਦ ਸੈਫੂਦੀਨ ਸਾਹਬ ਵੀ ਲਾਹੌਰ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦਾ ਹਿੱਸਾ ਬਣੇ। ਫ਼ਕੀਰ ਸਈਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਮਸ਼ਹੂਰ ਫ਼ਕੀਰ ਭਰਾਵਾਂ ਦੇ ਵੰਸ਼ਜ ਹਨ। ਇਸ ਦੇ ਨਾਲ ਹੀ ਜਨਰਲ ਹਰੀ ਸਿੰਘ ਨਲੂਆ ਦੇ ਵੰਸ਼ਜ ਤਜਿੰਦਰਪਾਲ ਸਿੰਘ ਨਲੂਆ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਵਿੱਚ ਕਲਾ, ਸੱਭਿਆਚਾਰ, ਥੀਏਟਰ, ਸੰਗੀਤ, ਪ੍ਰਾਹੁਣਚਾਰੀ ਜਗਤ ਦੇ ਨਾਮਵਰ ਲੋਕ ਮੌਜੂਦ ਸਨ। ਇਕ ਪੰਜਾਬ ਰੈਸਟੋਰੈਂਟ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਸੇਠੀ ਦੇ ਅਨੁਸਾਰ ਇਹ ਭੋਜਨ ਮੇਲਾ ਅਜਿਹਾ ਉਪਰਾਲਾ ਹੈ ਜੋ ਸਾਨੂੰ ਸਾਡੇ ਸੱਭਿਆਚਾਰ ਤੋਂ ਜਾਣੂ ਕਰਾਉਂਦਾ ਹੈ ਜੋ ਕਿ ਅੱਜ ਕੱਲ੍ਹ ਨਹੀਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਰਵਾਇਤੀ ਸੱਭਿਆਚਾਰ ਅਤੇ ਸੁਆਦਾਂ ਬਾਰੇ ਦੱਸਣਾ ਹੈ ਜੋ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਯਕੀਨ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਮੌਜੂਦ ਲੋਕਾਂ ਨੂੰ ਪੰਜਾਬ ਦੇ ਸੁਆਦਾਂ ਅਤੇ ਸੱਭਿਆਚਾਰ ਬਾਰੇ ਗਿਆਨ ਪ੍ਰਾਪਤ ਹੋਇਆ ਹੋਵੇਗਾ।