ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੂਨ 1984 ਦੌਰਾਨ ਵਾਪਰੀਆਂ ਘਟਨਾਵਾਂ ਦੇ ਸਬੰਧ ’ਚ ਸਿੰਘੂ ਬਾਰਡਰ ਉਪਰ ਅਰਦਾਸ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੀਨੀਅਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਉਂਕਾਰ ਸਿੰਘ ਅੰਗੋਲ, ਕੰਵਲਪ੍ਰੀਤ ਸਿੰਘ ਪੰਨੂ, ਸਤਨਾਮ ਸਿੰਘ ਅਜਨਾਲਾ, ਅਵਤਾਰ ਸਿੰਘ ਮੇਹਲੋਂ ਤੇ ਹੋਰ ਆਗੂਆਂ ਨੇ ਤਕਰੀਰਾਂ ਕੀਤੀਆਂ।
ਭਾਈ ਸਿਮਰਨਪ੍ਰੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਅਮਰੀਕ ਸਿੰਘ ਨਾਨਕ ਪਿਆਓ ਤੇ ਭਾਈ ਕਸ਼ਮੀਰ ਸਿੰਘ ਫ਼ਤਹਿਗੜ੍ਹ ਸਾਹਿਬ ਵੱਲੋਂ ਧਾਰਮਿਕ ਸਮਾਗਮ ਵਿੱਚ ਭੂਮਿਕਾ ਨਿਭਾਈ ਗਈ। ਪੰਡਾਲ ਵਿੱਚ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਜਿਨ੍ਹਾਂ ਸਿਰਾਂ ਉਪਰ ਹਰੀਆਂ ਚੁੰਨੀਆਂ ਲਈਆਂ ਹੋਈਆਂ ਸਨ। ਕੀਰਤਨ ਸਰਵਣ ਕਰਨ ਵਾਲਿਆਂ ਨੇ ਲਿਵ ਲਾ ਕੇ ਗੁਰਬਾਣੀ ਰਸ ਦਾ ਆਨੰਦ ਮਾਣਿਆ। ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਇਹ ਸਮਾਗਮ ਸਿੰਘੂ ਬਾਰਡਰ ਉਪਰ ਹੀ ਕਰਵਾਇਆ ਗਿਆ।