ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਅੱਜ ਯਮੁਨਾ ਨਦੀ ਦੇ ਹੜ੍ਹ ਵਾਲੇ ਮੈਦਾਨਾਂ ਦੇ ਵਾਤਾਵਰਨ ਚਰਿੱਤਰ ਨੂੰ ਬਹਾਲ ਕਰਨ ਅਤੇ ਪੂਰਬੀ ਦਿੱਲੀ ਦੇ ਲੋਕਾਂ ਨੂੰ ਸਾਹ ਲੈਣ ਯੋਗ ਹਰਿਆਲੀ ਮੁਹੱਈਆ ਕਰਵਾਉਣ ਲਈ ਲਕਸ਼ਮੀ ਨਗਰ ਨੇੜੇ ‘ਅਸਿਤਾ ਈਸਟ ਪ੍ਰਾਜੈਕਟ’ ਦਾ ਉਦਘਾਟਨ ਕੀਤਾ। ਇਹ ਪ੍ਰਾਜੈਕਟ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਯਮੁਨਾ ਨਦੀ ਦੇ ਹੜ੍ਹ ਮੈਦਾਨਾਂ ਦੀ ਬਹਾਲੀ ਤੇ ਪੁਨਰ ਸੁਰਜੀਤੀ ਪ੍ਰੋਗਰਾਮ ਦਾ ਇੱਕ ਹਿੱਸਾ ਹੈ।
ਪ੍ਰਾਜੈਕਟ 197 ਹੈਕਟੇਅਰ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚੋਂ 90 ਹੈਕਟੇਅਰ ਦਿੱਲੀ ਵਿਕਾਸ ਅਥਾਰਟੀ ਕੋਲ ਹੈ ਜਦਕਿ ਬਾਕੀ ਹਿੱਸਾ ਉੱਤਰ ਪ੍ਰਦੇਸ਼ ਸਿੰਜਾਈ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਵਿਕਾਸ ਮਾਰਗ ਦੱਖਣੀ ਸਿਰੇ, ਪੁਸ਼ਤਾ ਰੋਡ, ਪੂਰਬੀ ਕੰਢੇ ਤੇ ਯਮੁਨਾ ਨਦੀ ਇਸ ਦੇ ਪੱਛਮ ਵਾਲੇ ਪਾਸੇ ਵਗਦਾ ਹੈ। ਉਪ ਰਾਜਪਾਲ ਨੇ ਅੱਜ ਵਿਕਾਸ ਮਾਰਗ ਦੇ ਨਾਲ ਲੱਗਦੀ ਡੀਡੀਏ ਅਧੀਨ 90 ਹੈਕਟੇਅਰ ਜ਼ਮੀਨ ਲੋਕਾਂ ਲਈ ਸਮਰਪਿਤ ਕੀਤੀ ਤੇ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਸਕਸੈਨਾ ਨੇ ਕਿਹਾ ਕਿ ਦਿੱਲੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸ਼ਹਿਰ ਦੀ ਹਵਾ, ਪਾਣੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਆਮ ਨਾਗਰਿਕ ਸਰਗਰਮ ਹਿੱਸੇਦਾਰ ਵਜੋਂ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਡੀਡੀਏ ਨੇ ਹਾਲ ਹੀ ਵੱਖ-ਵੱਖ ਜੈਵ-ਵਿਭਿੰਨਤਾ ਪਾਰਕਾਂ, ਖੋਜਾਂ ਵਾਲਾ ਬਾਗ ਵਿੱਚ ਨਰਸਰੀ, ਯਮੁਨਾ ਕੰਢੇ ਤੇ ਬੰਸਰਾ ਤੇ ਅਨੰਗ ਤਾਲ ਬਾਉਲੀ ਦੇ ਪੁਨਰ- ਸੁਰਜੀਤੀ ਦੇ ਰੂਪ ਵਿੱਚ ਕਈ ਵਿਸ਼ੇਸ਼ ਕਦਮ ਉਠਾਏ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਮੁੱਖ ਸੜਕਾਂ ਦੇ ਨਾਲ ਲਗਪਗ 100-150 ਮੀਟਰ ਦੇ ਖੇਤਰ ਨੂੰ ‘ਗਰੀਨਵੇਅ’ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ਨੂੰ ਜਨਤਕ ਮਨੋਰੰਜਨ ਖੇਤਰ ਵਜੋਂ ਤਜਵੀਜ਼ ਕੀਤਾ ਗਿਆ ਹੈ ਜਿਸ ਵਿੱਚ ਵਾਕਵੇਅ, ਜਲਘਰ ਆਦਿ ਸ਼ਾਮਲ ਹਨ ਯਮੁਨਾ ਨਦੀ ਦੇ ਕਿਨਾਰੇ ਲਗਪਗ 300 ਮੀਟਰ ਦੇ ਖੇਤਰ ਨੂੰ ‘ਈਕੋਲੌਜਿਕਲ ਜ਼ੋਨ’ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਨਦੀ ਤੱਕ ਚੱਲਣ ਲਈ ਕੱਚੇ ਰਸਤੇ ਬਣਾਏ ਗਏ ਹਨ। ਇਸ ਦਾ ਉਦੇਸ਼ ਸ਼ਹਿਰ ਦੇ ਲੋਕਾਂ ਨਾਲ ਯਮੁਨਾ ਨਦੀ ਦੇ ਪ੍ਰਾਚੀਨ ਅਤੇ ਆਮ ਸੰਪਰਕ ਨੂੰ ਮੁੜ ਸੁਰਜੀਤ ਕਰਨਾ ਹੈ।