ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਗਸਤ
ਸੰਯੁਕਤ ਰੁਜ਼ਗਾਰ ਅੰਦੋਲਨ ਸਮਿਤੀ ਦੇ ਬੈਨਰ ਹੇਠ ਕਈ ਸਮਾਜ ਸੇਵੀ ਸੰਗਠਨਾਂ ਨੇ ਮੰਗਲਵਾਰ ਨੂੰ ਉੱਤਰ-ਪੂਰਬੀ ਦਿੱਲੀ ਦੀ ਨੰਦ ਨਗਰੀ ਤੋਂ ਰੁਜ਼ਗਾਰ ’ਤੇ ਕੌਮੀ ਨੀਤੀ ਦੀ ਮੰਗ ਨੂੰ ਲੈ ਕੇ ਤਿਰੰਗਾ ਮਾਰਚ ਕੱਢਿਆ। ਨੰਦ ਨਗਰੀ ਦੇ ਗਗਨ ਸਿਨੇਮਾ ਨੇੜੇ ਤੋਂ ਸ਼ੁਰੂ ਹੋਏ ਇਸ ਮਾਰਚ ਦੀ ਅਗਵਾਈ ਦਿੱਲੀ ਦੇ ਕੈਬਨਿਟ ਮੰਤਰੀ ਅਤੇ ‘ਦੇਸ਼ ਕੀ ਬਾਤ ਫਾਊਂਡੇਸ਼ਨ’ ਦੇ ਸੰਸਥਾਪਕ ਗੋਪਾਲ ਰਾਏ ਨੇ ਕੀਤੀ। ਮਾਰਚ ਨੂੰ ਜੰਤਰ-ਮੰਤਰ ਪਹੁੰਚਣ ਤੋਂ ਪਹਿਲਾਂ ਗੋਕੁਲਪੁਰੀ ਨੇੜੇ ਪੁਲੀਸ ਨੇ ਰੋਕ ਲਿਆ।
ਮੰਤਰੀ ਰਾਏ ਨੇ ਕਿਹਾ ਕਿ ਕੌਮੀ ਰੁਜ਼ਗਾਰ ਨੀਤੀ ਨੂੰ ਲਾਗੂ ਕਰਨ ਲਈ ਇਹ ਅੰਦੋਲਨ ਨੰਦ ਨਗਰੀ ਵਿੱਚ 22 ਅਗਸਤ ਤੱਕ ਜਾਰੀ ਰਹੇਗਾ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਰੁਜ਼ਗਾਰ ਅੰਦੋਲਨ 16 ਤੋਂ 22 ਅਗਸਤ ਤੱਕ ਜੰਤਰ-ਮੰਤਰ ਵਿੱਚ ਕੀਤਾ ਜਾਣਾ ਸੀ। ਰਾਏ ਨੇ ਅੱਗੇ ਕਿਹਾ ਕਿ ਮਾਰਚ ਜੰਤਰ-ਮੰਤਰ ’ਤੇ ਸਮਾਪਤ ਹੋਣਾ ਸੀ ਪਰ ਪੁਲੀਸ ਨੇ ਇਸ ਨੂੰ ਰੋਕ ਦਿੱਤਾ। ਪੂਰੇ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਪਰ ਜੇਕਰ ਆਪਣੀ ਤਿਰੰਗਾ ਯਾਤਰਾ (ਮਾਰਚ) ਵਿੱਚ ਰੁਜ਼ਗਾਰ ਦਾ ਮੁੱਦਾ ਉਠਾਇਆ ਤਾਂ ਰੋਕ ਲਿਆ। ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਤੇ ਇਹ ਅੰਦੋਲਨ ਜਾਰੀ ਰਹੇਗਾ। ਸੰਯੁਕਤ ਰੁਜ਼ਗਾਰ ਅੰਦੋਲਨ ਸਮਿਤੀ ਨੇ ਦੱਸਿਆ ਕਿ ਤਿਰੰਗਾ ਮਾਰਚ ਵਿੱਚ ਦੇਸ਼ ਭਰ ਦੇ 200 ਵਰਗਾਂ ਦੇ 2000 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਰੋਕੇ ਜਾਣ ਤੋਂ ਬਾਅਦ ਉਹ ਮਰਨ ਵਰਤ ’ਤੇ ਬੈਠ ਗਏ। ਰਾਏ ਨੇ ਕਿਹਾ ਕਿ ਨੌਕਰੀਆਂ ਤੋਂ ਬਿਨਾਂ ਵਿਕਾਸ ਅਸੰਭਵ ਹੈ ਤੇ ਕੌਮੀ ਰੁਜ਼ਗਾਰ ਨੀਤੀ ਸਮੇਂ ਦੀ ਲੋੜ ਹੈ। ਰਾਏ ਨੇ ਕਿਹਾ ਕਿ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦਰ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਖੇਤਰਾਂ ਦੇ ਬੁੱਧੀਜੀਵੀਆਂ ਨਾਲ ਮਿਲ ਕੇ ਕੌਮੀ ਰੁਜ਼ਗਾਰ ਨੀਤੀ ਦਾ ਇੱਕ ਖਰੜਾ ਤਿਆਰ ਕੀਤਾ ਹੈ। ਖਰੜੇ ਅਨੁਸਾਰ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਵਿੱਚ ਨਿਰਮਾਣ ਵਿੱਚ ਸੁਧਾਰ, ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ, ਘੱਟੋ ਘੱਟ ਆਰਥਿਕ ਸਹਾਇਤਾ ਤੇ ਨੌਕਰੀ ਦੀ ਸੁਰੱਖਿਆ, ਘੱਟੋ ਘੱਟ ਮਜ਼ਦੂਰੀ ਅਤੇ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਤੇ ਆਧੁਨਿਕ ਅਤੇ ਰਵਾਇਤੀ ਸੇਵਾਵਾਂ ਦਾ ਵਿਸਤਾਰ ਹੈ।