ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਕੇਂਦਰੀ ਟਰੇਡ ਯੂਨੀਅਨਾਂ, ਸੈਂਟਰਲ ਸੁਤੰਤਰ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਦਾ ਸੰਯੁਕਤ ਪਲੇਟਫਾਰਮ, ਕਰਮਚਾਰੀਆਂ ਦੀਆਂ ਪੰਜ ਫੈਡਰੇਸ਼ਨਾਂ ਨੇ ਰੱਖਿਆ ਉਤਪਾਦਨ ਸੈਕਟਰ ਤੇ ਆਰਡੀਨੈਂਸ ਫੈਕਟਰੀਜ਼ ਨੈੱਟਵਰਕ ਦੇ ਨਿੱਜੀਕਰਨ ਵਿਰੁੱਧ ਚੱਲ ਰਹੇ ਸੰਯੁਕਤ ਸੰਘਰਸ਼ ਨੂੰ ਆਪਣਾ ਸਰਗਰਮ ਸਮਰਥਨ ਦਿੱਤਾ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਡਿਫੈਂਸ ਫੈਕਟਰੀਆਂ ਨੂੰ ਨਿੱਜੀਕਰਨ ਵੱਲ ਤੋਰ ਕੇ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਖੜ੍ਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਆ ਰਹੀਆਂ ਹਨ ਕਿ ਪੂਰੇ ਭਾਰਤ ’ਚੋਂ ਰਸਮੀ ਤੇ ਗੈਰ ਰਸਮੀ ਆਰਥਿਕ ਸੈਕਟਰਾਂ ਦੇ ਮਜ਼ਦੂਰਾਂ-ਕਰਮਚਾਰੀਆਂ ਦੁਆਰਾ ਵਿਰੋਧ ਪ੍ਰਦਰਸ਼ਨਾਂ ਕੀਤੇ ਜਾ ਰਹੇ ਹਨ। ਸੰਸਦ ਦੇ ਨੇੜੇ ਜੰਤਰ-ਮੰਤਰ ਵਿਖੇ ਦੇਸ਼ ਵਿਆਪੀ ਵਿਰੋਧ ਦੇ ਹਿੱਸੇ ਵਜੋਂ ਦਿੱਲੀ ਟਰੇਡ ਯੂਨੀਅਨਾਂ ਨੇ ਸੰਸਦ ਮਾਰਗ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਏਆਈਟੀਯੂਸੀ ਦੀ ਜਨਰਲ ਸਕਤਰ ਤਪਨ ਸੇਨ, ਜਨਰਲ ਸੈਕਟਰੀ ਸੀਆਈਟੀਯੂ ਰਾਜੀਵ ਡਿੰਰੀ, ਜਨਰਲ ਸੈਕਟਰੀ ਏਆਈਸੀਟੀਯੂ, ਨਰਾਇਣ ਸਿੰਘ ਐੱਚਐੱਮਐੱਸ, ਮੈਨੇਜਰ ਚੌਰਸੀਆ ਏਆਈਯੂਟੀਯੂਸੀ, ਆਰਐੱਸ ਡਾਗਰ ਯੂਟੀਯੂਸੀ ਆਦਿ ਨੇ ਸੰਬੋਧਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿਚ ਸੰਤੋਸ਼ ਰਾਏ, ਸ਼ਤਰੂਜੀਤ ਸਿੰਘ, ਰਾਮ ਰਾਜ, ਧਰੇਂਦਰ ਸ਼ਰਮਾ, ਅਨੁਰਾਗ ਤੋਂ ਇਲਾਵਾ ਸੰਤੋਸ਼ ਕੁਮਾਰ ਐੱਮ.ਈ.ਸੀ ਅਤੇ ਸ਼੍ਰੀਨਾਥ ਆਈਸੀਟੀਯੂ ਤੇ ਹੋਰ ਹਾਜ਼ਰ ਸਨ।