ਕੁਲਦੀਪ ਸਿੰਘ
ਨਵੀਂ ਦਿੱਲੀ, 25 ਦਸੰਬਰ
ਵਿਰਾਸਤ ਸਿਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਪੰਜਾਬੀ ਮਾਂ ਬੋਲੀ ਦੀ ਚੜ੍ਹਦੀਕਲਾ ਲਈ ਆਪਣੇ ਪੰਜਾਬ ਦੌਰੇ ਦੌਰਾਨ ਪ੍ਰਿੰਸੀਪਲ ਹਰਭਜਨ ਸਿੰਘ ਸਪੈਸ਼ਲ ਕੰਸਲਟੇਟਿਵ ਸਟੇਟਸ ਵਿਚ ਯੂ.ਐੱਨ.ਓ. ਡਾਇਰੈਕਟਰ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਨਾਲ ਉਨ੍ਹਾਂ ਦੇ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਹੁਰਾਂ ਦਾ ਪਿੰਡ) ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਪਤਵੰਤਿਆਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਿਚ ਆ ਰਹੀਆਂ ਰੁਕਾਵਟਾਂ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ, ਨਾਲ ਹੀ ਰਾਜਿੰਦਰ ਸਿੰਘ ਨੇ ਟਕਸਾਲੀ ਪੰਜਾਬੀ ਵਿਚ ਹੋ ਰਹੇ ਬਦਲਾਵਾਂ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਨੇ ਮਾਂ ਬੋਲੀ ਨੂੰ ਬਚਾਉਣ ਲਈ ਕਈ ਸੁਝਾਅ ਵੀ ਦਿੱਤੇ। ਰਾਜਿੰਦਰ ਸਿੰਘ ਨੇ ਪ੍ਰਿੰ. ਹਰਭਜਨ ਸਿੰਘ ਦੀ ਮਾਂ ਬੋਲੀ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਨਿੱਤ ਪ੍ਰਤੀ ਦਿਨ ਬਦਲਾਵਾਂ ਨੂੰ ਢੰਗ ਨਾਲ ਲਾਗੂ ਕਰਨ ਵਿਚ ਸਕੂਲਾਂ ਅਤੇ ਕਾਲਜਾਂ ਦੇ ਜਾਗਰੂਕ ਅਧਿਆਪਕ ਸਾਹਿਬਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪ੍ਰਿੰ. ਹਰਭਜਨ ਸਿੰਘ ਨੇ ਟਰੱਸਟ ਦੀ ਸਮੁੱਚੀ ਟੀਮ ਦੀ ਗ ਗੁਰਮਤਿ ਸਿਧਾਂਤਾਂ ਬਾਰੇ ਮਾਂ ਬੋਲੀ ਪ੍ਰਤੀ ਨਿਸ਼ਠਾ ਨਾਲ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਪਣੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਦੱਸਣਯੋਗ ਹੈ ਕਿ ਇਸ ਮੁਲਾਕਾਤ ਦੌਰਾਨ ਦੋਹਾਂ ਪਤਵੰਤਿਆਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵਿਦੇਸ਼ਾਂ ਦੇ ਨਾਲ ਨਾਲ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਰਲ ਮਿਲ ਕੇ ਕੰਮ ਕਰਨ ਬਾਰੇ ਵੀ ਸਹਿਮਤੀ ਬਣਾਈ।