ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਲਈ ‘ਟੈੱਸੋਲ ਕੋਰਸ ਸਰਟੀਫਿਕੇਟ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਾਰਤ ਵਿਚ ਅਮਰੀਕੀ ਦੂਤਾਵਾਸ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਅਧਿਕਾਰੀ ਰੂਥ ਗੁਡਫੈਲੋ ਵੀ ਮੌਜੂਦ ਸਨ। ਇਸ ਸਰਟੀਫਿਕੇਟ ਪ੍ਰੋਗਰਾਮ ਦਾ ਉਦੇਸ਼ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਦੀ ਭਾਸ਼ਾ ਸਿਖਾਉਣ ਦੀ ਸਮਰੱਥਾ ਵਿਚ ਵਾਧਾ ਕਰਕੇ ਅੰਗਰੇਜ਼ੀ ਦੀ ਉੱਤਮ ਸਿਖਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਸਰਟੀਫਿਕੇਟ ਪ੍ਰੋਗਰਾਮ ਵਿੱਚ 50 ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ।
ਸਿਸੋਦੀਆ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਅਧਿਆਪਕ ਆਪਣੇ ਹੁਨਰ ਨੂੰ ਵਧਾਉਂਦੇ ਰਹਿਣ। ਇਹ ਸਰਟੀਫਿਕੇਟ ਕੋਰਸ ਅਧਿਆਪਕਾਂ ਨੂੰ ਉਨ੍ਹਾਂ ਦੇ ਜਮਾਤਾਂ ਵਿਚ ਵਧੇਰੇ ਸਿਰਜਣਾਤਮਕਤਾ ਲਿਆਉਣ ਵਿਚ ਸਹਾਇਤਾ ਕਰੇਗਾ।’’
ਉਦਘਾਟਨ ਦੇ ਸਮੇਂ ਭਾਰਤ ਵਿੱਚ ਅਮਰੀਕੀ ਦੂਤਾਵਾਸ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਅਧਿਕਾਰੀ ਰੂਥ ਗੁਡਫੈਲੋ ਵੀ ਮੌਜੂਦ ਸਨ। ਉਨ੍ਹਾਂ ਦਿੱਲੀ ਸਰਕਾਰ ਨਾਲ ਅਮਰੀਕੀ ਦੂਤਾਵਾਸ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਸਰਕਾਰ ਦੇ ਅਧਿਆਪਕਾਂ ਦੀ ਉੱਤਮ ਸਿਖਲਾਈ ਪ੍ਰਤੀ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਸਿਸੋਦੀਆ ਨੇ ਕਿਹਾ, ‘‘ਅਸੀਂ ਹੁਣ ਤਕ ਲਗਭਗ 800 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਹੋਰ ਸਿਖਲਾਈ ਜਾਰੀ ਰੱਖਾਂਗੇ, ਅੰਗਰੇਜ਼ੀ ਹੁਣ ਇਕ ਮਹੱਤਵਪੂਰਣ ਭਾਸ਼ਾ ਬਣ ਗਈ ਹੈ। ਸਾਡੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾਉਣਾ ਜਾਣਦੇ ਹਨ ਪਰ ਅਸੀਂ ਅਧਿਆਪਕਾਂ ਨੂੰ ਵਧੇਰੇ ਸਿਰਜਣਾਤਮਕ ਢੰਗ ਨਾਲ ਵਿਦਿਆਰਥੀਆਂ ਨੂੰ ਸਿਖਾਉਣ ਵਿੱਚ ਸਹਾਇਤਾ ਕਰਨਾ ਚਾਹੁੰਦੇ ਹਾਂ। ਇਸ ਕੋਰਸ ਦੇ ਜ਼ਰੀਏ, ਅਸੀਂ ਅਧਿਆਪਕਾਂ ਨੂੰ ਅਧਿਆਪਨ ਦੇ ਨਵੇਂ ਤਰੀਕਿਆਂ ਨੂੰ ਸਿੱਖਣ ਲਈ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਿਖਲਾਈ ਦੇਵਾਂਗੇ’’