ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਸਰਕਾਰ ਵੱਲੋਂ ਐਲਾਨੀ ਗਈ ਬਿਜਲੀ ਸਬਸਿਡੀ ਬਾਰੇ ਯੋਜਨਾ ਤਹਿਤ ਦਿੱਲੀ ਦੇ ਕਰੀਬ ਛੇ ਲੱਖ ਲੋਕਾਂ ਵੱਲੋਂ ਸਬਸਿਡੀ ਲੈਣ ਲਈ ਹਾਮੀ ਭਰੀ ਗਈ ਹੈ। ਦਿੱਲੀ ਦੇ ਖਪਤਕਾਰਾਂ ਨੇ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸਬਸਿਡੀ ਯੋਜਨਾ ਤਹਿਤ ਲਾਭ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ। ਮਹਿਕਮੇ ਮੁਤਾਬਕ ਕਰੀਬ ਸਵਾ 6 ਲੱਖ ਖਪਤਕਾਰਾਂ ਨੇ ਦਿੱਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਲੈਣ ਦੀ ਯੋਜਨਾ ਲਈ ਹਾਮੀ ਭਰੀ ਹੈ। ਦਿੱਲੀ ਸਰਕਾਰ ਵੱਲੋਂ 200 ਯੂਨਿਟ ਬਿਜਲੀ ਹਰ ਮਹੀਨੇ ਇੱਕ ਮੀਟਰ ਉਪਰ ਮੁਫ਼ਤ ਦਿੱਤੀ ਜਾਂਦੀ ਹੈ ਤੇ 400 ਯੂਨਿਟ ਬਿਜਲੀ ਲਈ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਹੁਣ ਦਿੱਲੀ ਸਰਕਾਰ ਨੇ ਹਰ ਸਾਲ ਲੋਕਾਂ ਨੂੰ ਸਬਸਿਡੀ ਲੈਣ ਲਈ ਉਕਤ ਅਰਜ਼ੀਆਂ ਦੇਣ ਦੀ ਸ਼ਰਤ ਲਾ ਦਿੱਤੀ ਹੈ। ਸ਼ੁੱਕਰਵਾਰ ਤੱਕ ਦੇ ਅੰਕੜਿਆਂ ਮੁਤਾਬਕ 2.6 ਲੱਖ ਖਪਤਕਾਰਾਂ ਨੇ ਬੀਆਰਪੀਐੱਲ ਕੰਪਨੀ ਤੋਂ, 1.7 ਲੱਖ ਬੀਵਾਈਪੀਐੱਲ ਕੰਪਨੀ ਖਪਤਕਾਰਾਂ, 1.8 ਲੱਖ ਟੀਪੀਡੀਡੀਐੱਲ ਕੰਪਨੀ ਦੇ ਖਪਤਕਾਰਾਂ ਨੇ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ। 2 ਹਜ਼ਾਰ ਤੋਂ ਵੱਧ ਖਪਤਕਾਰਾਂ ਨੇ ਐੱਨਡੀਐੱਮਸੀ ਤੋਂ ਸਬਸਿਡੀ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਤਬਦੀਲੀ ਨਾਲ ਬਿਜਲੀ ਉਪਭੋਗਤਾ ਹੁਣ ਆਪਣੇ ਆਪ ਹੀ ਦਿੱਲੀ ਸਰਕਾਰ ਦੀ ਬਿਜਲੀ ਸਬਸਿਡੀ ਲਈ ਯੋਗ ਨਹੀਂ ਹੋਣਗੇ, ਇਸ ਦੀ ਬਜਾਏ ਉਨ੍ਹਾਂ ਨੂੰ ਹਰ ਸਾਲ ਸਬਸਿਡੀ ਪ੍ਰਾਪਤ ਕਰਨਾ ਜਾਰੀ ਰੱਖਣ ਜਾਂ ਨਾ ਕਰਨ ਦਾ ਬਦਲ ਦਿੱਤਾ ਜਾਵੇਗਾ। ਇਸ ਸਮੇਂ ਜਿਨ੍ਹਾਂ ਲੋਕਾਂ ਦੀ ਬਿਜਲੀ ਦੀ ਖਪਤ 200 ਯੂਨਿਟ ਤੋਂ ਘੱਟ ਹੈ, ਉਨ੍ਹਾਂ ਨੂੰ ਬਿਜਲੀ ਦਾ ਕੋਈ ਖਰਚਾ ਨਹੀਂ ਦੇਣਾ ਪੈਂਦਾ ਅਤੇ ਜਿਨ੍ਹਾਂ ਦੀ ਖਪਤ 400 ਯੂਨਿਟ ਤੱਕ ਹੈ, ਉਨ੍ਹਾਂ ਨੂੰ 50 ਫੀਸਦੀ ਸਬਸਿਡੀ ਮਿਲਦੀ ਹੈ।