ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਦਸੰਬਰ
ਬਹਾਦਰਗੜ੍ਹ ਦੇ ਕਿਸਾਨ ਬਲਜੀਤ ਸਿੰਘ ’ਤੇ ਬਿਜਲੀ ਚੋਰੀ ਦਾ ਕੇਸ ਪਾ ਕੇ 44 ਹਜ਼ਾਰ ਰੁਪਏ ਜੁਰਮਾਨਾ ਲਾਉਣ ਵਿਰੁੱਧ ਅੱਜ ਕਿਸਾਨਾਂ ਨੇ ਬਹਾਦਰਗੜ੍ਹ ਦਾ ਐੱਸਡੀਐੱਮ ਦਫ਼ਤਰ ਘੇਰ ਲਿਆ। ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਐੱਸਡੀਐਮ ਨੇ ਧਰਨੇ ’ਚ ਪਹੁੰਚ ਕੇ ਬਲਜੀਤ ਸਿੰਘ ’ਤੇ ਪਾਇਆ ਜੁਰਮਾਨਾ ਰੱਦ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪਕੌੜਾ ਚੌਕ ਦੀ ਸਟੇਜ ਤੋਂ ਇਹ ਜਾਣਕਾਰੀ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਬਹਾਦਰਗੜ੍ਹ ਦੇ ਕਿਸਾਨ ਬਲਜੀਤ ਸਿੰਘ ਨਿੱਜੀ ਟਿਊਬਵੈੱਲ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਪੀਣ ਵਾਲਾ ਪਾਣੀ ਦੇ ਰਿਹਾ ਸੀ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਭਾਜਪਾ ਆਗੂਆਂ ਦੇ ਇਸ਼ਾਰੇ ’ਤੇ ਬਲਜੀਤ ਸਿੰਘ ’ਤੇ ਬਿਜਲੀ ਚੋਰੀ ਦਾ ਕੇਸ ਪਾ ਕੇ 44 ਹਜ਼ਾਰ ਰੁਪਏ ਜੁਰਮਾਨਾ ਪਾ ਦਿੱਤਾ। ਜੁਰਮਾਨਾ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਵਫ਼ਦ ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਅਧਿਕਾਰੀਆਂ, ਐੱਸਡੀਐੱਮ ਅਤੇ ਡੀਸੀ ਨੂੰ ਮਿਲ ਚੁੱਕਾ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸੇ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਐੱਸਡੀਐੱਮ ਦਾ ਦਫ਼ਤਰ ਘੇਰ ਲਿਆ। ਇਸ ਮੌਕੇ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਮੋਗਾ ਜ਼ਿਲ੍ਹੇ ਦੀ ਆਗੂ ਕੁਲਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਲੰਮੇ ਸੰਘਰਸ਼ ਨੇ ਕੇਂਦਰ ਹਕੂਮਤ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ। ਖੇਤੀ ਕਾਨੂੰਨ ਰੱਦ ਕਰਨ ਮਗਰੋਂ ਹੁਣ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਬਾਕੀ ਮੰਗਾਂ ਮੰਨਣ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ।