ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵਾਰਡ-1 ਤੋਂ ਖੜ੍ਹੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਵਿਰਕ ਵੱਲੋਂ ਅੱਜ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਵਿਰਕ ਵੱਲੋਂ ਰੋਹਿਣੀ ਦੇ ਸੈਕਟਰ-17 ਵਿੱਚ ਇਕ ਬੈਠਕ ਕੀਤੀ, ਜਿਸ ਵਿੱਚ ਬੀਬੀਆਂ ਦੀ ਸ਼ਮੂਲੀਅਤ ਵੀ ਭਰਵੀਂ ਰਹੀ ਤੇ ਇਲਾਕੇ ਦੀ ਸੰਗਤ ਨੇ ਉਮੀਦਵਾਰ ਨਾਲ ਸਥਾਨਕ ਮੁੱਦਿਆਂ ਉਪਰ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ, ਅਵਤਾਰ ਸਿੰਘ, ਸੁਖਬੀਰ ਸਿੰਘ, ਗੋਪਾਲ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ, ਪ੍ਰੇਮ ਸਿੰਘ, ਸੁਖਵਿੰਦਰ ਸਿੰਘ ਮਹਿਤਾ, ਬਲਕਾਰ ਸਿੰਘ ਤੇ ਸੁਰਜੀਤ ਸਿੰਘ ਨੇ ਸ਼ਿਰਕਤ ਕੀਤੀ।
ਸਥਾਨਕ ਨੌਜਵਾਨ ਆਗੂ ਵਿਕਰਮ ਸਿੰਘ ਰੋਹਿਣੀ (ਮੌਜੂਦਾ ਕਮੇਟੀ ਮੈਂਬਰ) ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹਾਲ ਸੀ, ਉਸ ਵਿੱਚ ਵੱਡਾ ਸੁਧਾਰ ਕੀਤਾ ਗਿਆ ਤੇ ਬੀਤੇ ਦੋ ਸਾਲਾਂ ਦੌਰਾਨ ਕਈ ਅਹਿਮ ਪ੍ਰਾਜੈਕਟ ਸਿਰੇ ਚਾੜ੍ਹੇ ਗਏ। ਉਨ੍ਹਾਂ ਕਿਹਾ ਕਿ ਹਾਲਾਂਕਿ ਇਕ ਸਾਲ ਤਾਂ ਕੋਵਿਡ-19 ਮਹਾਮਾਰੀ ਕਾਰਨ ਹੀ ਖਰਾਬ ਹੋ ਗਿਆ ਤੇ ਇਸ ਮਹਾਮਾਰੀ ਦੌਰਾਨ ਵੀ ਕਮੇਟੀ ਨੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਅੱਗੇ ਆ ਕੇ ਕਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਭਰਪੂਰ ਮਦਦ ਸੰਗਤ ਦੇ ਸਹਿਯੋਗ ਨਾਲ ਕੀਤੀ। ਸ੍ਰੀ ਰੋਹਿਣੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਬੀਤੇ ਸਾਲਾਂ ਦੌਰਾਨ ਆਪਣੇ ਵਾਰਡ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ। ਸ੍ਰੀ ਸਰਵਜੀਤ ਸਿੰਘ ਵਿਰਕ ਨੇ ਕਿਹਾ ਕਿ ਲੋੜਵੰਦ ਬੱਚਿਆਂ ਲਈ ਪੜ੍ਹਾਈ, ਸਿਹਤ ਸਹੂਲਤਾਂ ਦੇਣ ਲਈ ਕਮੇਟੀ ਦੀ ਪਹਿਲਕਦਮੀ ਵੱਲ ਹਰ ਸਿੱਖ ਦਾ ਧਿਆਨ ਗਿਆ ਹੈ। ਇਸੇ ਕਰਕੇ ਦਲ ਦੇ ਸਾਰੇ ਉਮੀਦਵਾਰਾਂ ਦਾ ਭਰੋਸਾ ਦੂਣਾ-ਚੋਣਾ ਹੋਇਆ ਹੈ ਤੇ ਉਹ ਸੰਗਤ ਵਿੱਚ ਵਿਚਰ ਰਹੇ ਹਨ। ਬੈਠਕ ਵਿੱਚ ਸ਼ਾਮਲ ਸੰਗਤ ਵੱਲੋਂ ਪਤਵੰਤਿਆਂ ਤੇ ਉਮੀਦਵਾਰ ਦਾ ਸਨਮਾਨ ਸਿਰੋਪਾਓ ਪਾ ਕੇ ਕੀਤਾ ਗਿਆ।