ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ’ਤੇ ਹਫ਼ਤਾਵਾਰੀ ਬਾਜ਼ਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਦੇ ਸਾਰੇ ਹਫ਼ਤਾਵਾਰੀ ਬਾਜ਼ਾਰਾਂ ਨੂੰ ਬਿਹਤਰ ਢੰਗ ਨਾਲ ਸੰਗਠਿਤ ਕੀਤਾ ਜਾਵੇਗਾ ਤੇ ਦਿੱਲੀ ਦੇ ਆਕਰਸ਼ਣ ਦਾ ਕੇਂਦਰ ਬਣਾਇਆ ਜਾਵੇਗਾ ਤਾਂ ਜੋ ਜਦੋਂ ਅਮਰੀਕਾ ਤੋਂ ਕੋਈ ਆ ਕੇ ਹਫ਼ਤਾਵਾਰੀ ਬਾਜ਼ਾਰਾਂ ਦਾ ਦੌਰਾ ਕਰੇ ਤਾਂ ਇਸ ਦੀ ਸ਼ਲਾਘਾ ਕੀਤੀ ਜਾਵੇ, ਇਸ ਲਈ ਹਫਤਾਵਾਰੀ ਬਾਜ਼ਾਰਾਂ ਨੂੰ ਦਿੱਲੀ ਦੀ ਵਿਸ਼ੇਸ਼ਤਾ ਵਜੋਂ ਪੇਸ਼ ਕੀਤਾ ਜਾਵੇਗਾ। ਹਾਂਗ ਕਾਂਗ ਤੇ ਹੋਰ ਦੇਸ਼ਾਂ ਦੀ ਤਰ੍ਹਾਂ ਦਿੱਲੀ ਸਰਕਾਰ ਵੀ ਹਫਤਾਵਾਰੀ ਬਾਜ਼ਾਰਾਂ ਤੇ ਗਲੀ ਵਿਕਰੇਤਾਵਾਂ ਨੂੰ ਉਤਸ਼ਾਹਤ ਕਰੇਗੀ।
ਇਸ ਦੌਰਾਨ ਮੁੱਖ ਮੰਤਰੀ ਨੇ ਹਫਤਾਵਾਰੀ ਬਾਜ਼ਾਰਾਂ ਦੇ ਨਾਲ ਖੜ੍ਹੇ ਹੋਣ ’ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਨੁਮਾਇੰਦਿਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਮੀਟਿੰਗ ’ਚ ਸ਼ਾਮਲ ਸਾਰੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਛੇ ਮਹੀਨੇ ਜੋ ਲੰਘੇ ਸਨ ਉਹ ਸਿਰਫ ਦਿੱਲੀ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਬਹੁਤ ਮੁਸ਼ਕਲ ਸਮਾਂ ਸੀ। ਇੱਥੋਂ ਤੱਕ ਕਿ ਅਮਰੀਕਾ ’ਚ ਵੀ ਲੋਕ ਸੁਣ ਰਹੇ ਹਨ ਕਿ ਉਥੇ ਵਧਣ ਦੀ ਬਜਾਏ ਆਰਥਿਕਤਾ 30 ਤੋਂ 35 ਫ਼ੀਸਦ ਤੱਕ ਸੁੰਗੜ ਗਈ ਹੈ। ਦਿੱਲੀ ਸਰਕਾਰ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਪਰ ਆਪਣਾ ਪ੍ਰਬੰਧਨ ਇਸ ਤਰੀਕੇ ਨਾਲ ਕੀਤਾ ਕਿ ਜੋ ਵੀ ਸਬਸਿਡੀ ਮਿਲ ਰਹੀ ਹੈ ਇਸ ਨੂੰ ਨਹੀਂ ਰੋਕਿਆ। ਅੱਜ ਵੀ ਪਾਣੀ ਤੇ ਬਿਜਲੀ ਮੁਫਤ ਹੈ ਤੇ ਮਹਿਲਾ ਬੱਸਾਂ ਵਿਚ ਯਾਤਰਾ ਵੀ ਮੁਫਤ ਹੈ, ਸਾਰੀਆਂ ਸਬਸਿਡੀਆਂ ਜਾਰੀ ਰੱਖੀਆਂ ਹਨ।