ਗੁਰੂਗ੍ਰਾਮ, 12 ਫਰਵਰੀ
ਗੁਰੂਗ੍ਰਾਮ ਵਿਚ 18 ਮੰਜ਼ਿਲਾ ਅਪਾਰਟਮੈਂਟ ਬਲਾਕ ਦੇ ਅੰਸ਼ਕ ਤੌਰ ’ਤੇ ਢਹਿਣ ਦੀ ਘਟਨਾ ਵਿਚ ਮਲਬੇ ਹੇਠ ਦੱਬੀ ਇਕ ਔਰਤ ਦੀ ਲਾਸ਼ ਕੱਢਣ ਦੀਆਂ ਕੋਸ਼ਿਸ਼ਾਂ ਘਟਨਾ ਤੋਂ ਤੀਜੇ ਦਿਨ ਅੱਜ ਵੀ ਜਾਰੀ ਰਹੀਆਂ। ਇਸੇ ਦੌਰਾਨ ਅੱਜ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਇਸ ਸੁਸਾਇਟੀ ਦੇ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਚਾਅ ਦਲ ਨੂੰ ਇਹ ਖ਼ਾਸ ਖਿਆਲ ਰੱਖਣਾ ਹੋਵੇਗਾ ਕਿ ਕਿਸੇ ਵੀ ਪਿੱਲਰ ਨੂੰ ਨੁਕਸਾਨ ਨਾ ਪਹੁੰਚੇ। ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਦੇ ਸੈਕਟਰ 109 ਵਿਚ ਸਥਿਤ ਚਿੰਤਲਸ ਪੈਰਾਡੀਜ਼ੋ ਵਿਚ ਵੀਰਵਾਰ ਨੂੰ ਛੇਵੀਂ ਮੰਜ਼ਿਲ ’ਤੇ ਸਥਿਤ ਇਕ ਅਪਾਰਟਮੈਂਟ ਦਾ ਡਾਇਨਿੰਗ ਰੂਮ ਢਹਿ ਗਿਆ ਸੀ ਅਤੇ ਇਸ ਘਟਨਾ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਸੀ। ਰੇਖਾ ਭਾਰਦਵਾਜ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ ਜਦਕਿ ਸੁਨੀਤਾ ਸ੍ਰੀਵਾਸਤਵ ਦੀ ਲਾਸ਼ ਮਲਬੇ ਹੇਠ ਦੱਬੀ ਹੋਈ ਨੂੰ 40 ਘੰਟੇ ਦਾ ਸਮਾਂ ਬੀਤ ਚੁੱਕਿਆ ਹੈ ਤੇ ਅਜੇ ਵੀ ਕੱਢੀ ਨਹੀਂ ਜਾ ਸਕੀ ਹੈ। ਗੁਰੂਗ੍ਰਾਮ ਦੇ ਡੀਸੀਪੀ ਦੀਪਕ ਸਹਾਰਨ ਨੇ ਕਿਹਾ ਕਿ ਇਸ ਘਟਨਾ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਸੀ ਜਦਕਿ ਮ੍ਰਿਤਕਾਂ ਵਿੱਚੋਂ ਇਕ ਸੁਨੀਤਾ ਸ੍ਰੀਵਾਸਤਵ ਦਾ ਪਤੀ ਏ.ਕੇ. ਸ੍ਰੀਵਾਸਤਵ ਜੋ ਕਿ ਆਈਆਰਐੱਸ ਅਧਿਕਾਰੀ ਹੈ, ਗੰਭੀਰ ਜ਼ਖ਼ਮੀ ਹੈ। ਉਹ ਕੇਂਦਰੀ ਭੰਡਾਰ ਨਿਗਮ ਦਾ ਮੈਨੇਜਿੰਗ ਡਾਇਰੈਕਟਰ ਹੈ। ਉਸ ਨੂੰ 16 ਘੰਟੇ ਦੀ ਮਸ਼ੱਕਤ ਤੋਂ ਬਾਅਦ ਐੱਨਡੀਆਰਐੱਫ ਨੇ ਮਲਬੇ ਹੇਠਿਓਂ ਕੱਢਿਆ। ਪੁਲੀਸ ਨੇ ਰਿਐਲਟੀ ਫਰਮ ਚਿੰਤਲਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਸੋਲੋਮਨ ਖ਼ਿਲਾਫ਼ ਲਾਪ੍ਰਵਾਹੀ ਕਾਰਨ ਮੌਤਾਂ ਹੋਣ ਸਬੰਧੀ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਚਿਤ ਕੀਤਾ ਕਿ ਗੁਰੂਗ੍ਰਾਮ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਅੱਜ ਸੁਸਾਇਟੀ ਦਾ ਦੌਰਾ ਕਰਨਾ ਸੀ, ਪਰ ਉਹ ਨਹੀਂ ਪਹੁੰਚ ਸਕੇ। -ਪੀਟੀਆਈ