ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਨੇ ਰਾਸ਼ਟਰੀ ਰਾਜਧਾਨੀ ਵਿੱਚ 7 ਫਰਵਰੀ ਤੋਂ ਉੱਚ ਵਿੱਦਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰਾਂ ਦੇ ਨਾਲ-ਨਾਲ 9ਵੀਂ ਤੋਂ 12ਵੀਂ ਜਮਾਤਾਂ ਦੇ ਸਕੂਲ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਡੀਡੀਐੱਮਏ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਵਿੱਚ ਰਾਤ ਦਾ ਕਰਫਿਊ ਜਾਰੀ ਰਹੇਗਾ ਅਤੇ ਹੁਣ ਕਰਫਿਊ ਦਾ ਸਮਾਂ ਰਾਤ 10 ਵਜੇ ਦੀ ਬਜਾਏ ਰਾਤ 11 ਵਜੇ ਤੋਂ ਸ਼ੁਰੂ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸ਼ਰਤਾਂ ਦੇ ਨਾਲ ਜਿਮ ਵੀ ਮੁੜ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਕਰੋਨਾ ਦੇ ਮਾਮਲੇ ਕਾਫ਼ੀ ਘਟ ਗਏ ਹਨ। ਇਸ ਦੇ ਨਾਲ ਹੀ 9ਵੀਂ ਤੋਂ 12ਵੀਂ ਜਮਾਤ ਦੇ ਵੱਡੀ ਗਿਣਤੀ ਵਿਦਿਆਰਥੀਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ। ਹਾਲਾਂਕਿ, ਹਾਈਬ੍ਰਿਡ ਕਲਾਸਾਂ ਅਜੇ ਵੀ ਜਾਰੀ ਰਹਿਣਗੀਆਂ। ਇਸ ਤਹਿਤ ਫਿਜ਼ੀਕਲ ਕਲਾਸਾਂ ਦੇ ਨਾਲ ਆਨਲਾਈਨ ਕਲਾਸਾਂ ਦਾ ਵਿਕਲਪ ਵੀ ਜਾਰੀ ਰਹੇਗਾ। ਸਿੱਖਿਆ ਮੰਤਰੀ ਨੇ ਕਿਹਾ, ‘‘ਹੌਲੀ-ਹੌਲੀ ਹਾਈਬ੍ਰਿਡ ਕਲਾਸਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਸਾਰੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾਣਗੇ, ਪਰ ਅਜਿਹਾ ਹੌਲੀ-ਹੌਲੀ ਹੋਵੇਗਾ ਤੇ ਆਨਲਾਈਨ ਕਲਾਸਾਂ ਦਾ ਵਿਕਲਪ ਅਜੇ ਵੀ ਮੌਜੂਦ ਰਹੇਗਾ।’’ ਉਨ੍ਹਾਂ ਕਿਹਾ ਕਿ ਇੱਕ ਹੋਰ ਮਹੱਤਵਪੂਰਨ ਫ਼ੈਸਲੇ ਵਿੱਚ ਡੀਡੀਐੱਮਏ ਨੇ ਉਨ੍ਹਾਂ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿੱਤੀ ਹੈ, ਜੋ ਵਾਹਨਾਂ ਵਿੱਚ ਇਕੱਲੇ ਹੋਣਗੇ ਤੇ 100 ਪ੍ਰਤੀਸ਼ਤ ਹਾਜ਼ਰੀ ਦੇ ਨਾਲ ਦਫਤਰਾਂ ਨੂੰ ਮੁੜ ਸ਼ੁਰੂ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਰੋਨਾ ਲਾਗ ਦੀ ਦਰ ਤੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਦੌਰਾਨ ਮਾਹਿਰਾਂ ਦੀ ਸਲਾਹ ਦੇ ਆਧਾਰ ’ਤੇ ਇਹ ਫ਼ੈਸਲੇ ਲਏ ਗਏ ਹਨ।
14 ਫਰਵਰੀ ਤੋਂ ਲੱਗਣਗੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਸਕੂਲ
ਅਧਿਕਾਰੀਆਂ ਨੇ ਕਿਹਾ ਕਿ ਉੱਚ ਵਿੱਦਿਅਕ ਸੰਸਥਾਵਾਂ ਤੇ ਕੋਚਿੰਗ ਸੰਸਥਾਵਾਂ ਨੂੰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਅਤੇ ਕਰੋਨਾ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀਆਂ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਪੜਾਅਵਾਰ ਸਕੂਲ ਖੋਲ੍ਹੇ ਜਾਣਗੇ। ਟੀਕਾਕਰਨ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਲਾਸਾਂ ਵਿੱਚ ਹਾਜ਼ਰ ਨਹੀਂ ਹੋਣ ਦਿੱਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 15 ਤੋਂ 18 ਸਾਲ ਦੀ ਉਮਰ ਦੇ ਲੋਕਾਂ ਦਾ ਕਰੋਨਾ ਰੋਕੂ ਟੀਕਾਕਰਨ ਵਧਾਉਣ ’ਤੇ ਜ਼ੋਰ ਦਿੱਤਾ ਗਿਆ।