ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੌਂਸਲਰ ਤਾਹਿਰ ਹੁਸੈਨ ਦੇ ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਕੁੱਲ 6 ਥਾਵਾਂ ਉਪਰ ਛਾਪੇ ਮਾਰੇ ਗਏ। ਇਸ ਸਬੰਧੀ ਫਰਵਰੀ 2020 ਦੌਰਾਨ ਉੱਤਰੀ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਛਾਪੇਮਾਰੀ ਦੰਗਿਆਂ ਦੌਰਾਨ 1.30 ਕਰੋੜ ਦੇ ਫੰਡਾਂ ਦੀ ਵਰਤੋਂ ਨਾਲ ਜੁੜੀ ਜਾਂਚ ਦੇ ਸੰਦਰਭ ਵਿੱਚ ਕੀਤੀ ਗਈ। ਛਾਪੇਮਾਰੀ ਦੌਰਾਨ ‘ਆਪ’ ਤੋਂ ਮੁਅੱਤਲ ਨਿਗਮ ਕੌਂਸਲਰ ਤਾਹਿਰ ਹੁਸੈਨ ਦੇ ਟਿਕਾਣੇ ਵੀ ਮੁੱਖ ਤੌਰ ‘ਤੇ ਸ਼ਾਮਲ ਸਨ। ਏਜੰਸੀ ਦੇ ਸੀਨੀਅਰ ਅਧਿਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਤੇ ਫਰਵਰੀ ਵਿੱਚ ਹੋਏ ਦੰਗਿਆਂ ਦੌਰਾਨ ਹਵਾਲਾ ਜ਼ਰੀਏ ਧਨ ਵਰਤੇ ਜਾਣ ਬਾਬਤ ਦਿੱਲੀ ਪੁਲੀਸ ਵੱਲੋਂ ਦਰਜ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਈਡੀ ਦੇ ਅਧਿਕਾਰੀਆਂ ਨਾਲ ਸੁਰੱਖਿਆ ਮੁਲਾਜ਼ਮ ਵੀ ਕੁੱਝ ਥਾਵਾਂ ਉਪਰ ਛਾਪੇਮਾਰੀ ਦੌਰਾਨ ਨਾਲ ਲਾਏ ਗਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਧਨ ਬਾਰੇ ਇਹ ਜਾਂਚ ਦਿੱਲੀ ਪੁਲੀਸ ਵੱਲੋਂ ਹੁਸੈਨ ਤੇ ਹੋਰਨਾਂ ਖ਼ਿਲਾਫ਼ ਦਰਜ ਐਫਆਈਆਰ ਉਪਰ ਅਧਾਰਤ ਕੀਤੀ ਗਈ ਹੈ। ਦਿੱਲੀ ਪੁਲੀਸ ਵੱਲੋਂ ਕੌਂਸਲਰ ਨੂੰ ਉੱਤਰ-ਪੂਰਬ ਦਿੱਲੀ ਵਿੱਚ ਦੰਗਿਆਂ ਦੌਰਾਨ ਆਈਬੀ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਤਾਹਿਰ ਤੇ ਹੋਰ ਲੋਕਾਂ ਨੂੰ ‘ਯੂਏਪੀਏ’ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਵੱਲੋਂ ਦਾਖ਼ਲ ਚਾਰਜਸ਼ੀਟ ਵਿੱਚ ਕਿਹਾ ਗਿਆ ਸੀ ਕਿ 1.30 ਕਰੋੜ ਚਾਂਦਬਾਗ਼ ਵਿੱਚ ਦੰਗਿਆਂ ਦੌਰਾਨ ਵਰਤੇ ਗਏ ਸਨ।