ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਮਈ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੇ ਐੱਮਸੀਡੀ ਸਕੂਲਾਂ ਦੇ ਕੰਮ ਦਾ ਟੈਂਡਰ ਇੱਕ ਐੱਨਜੀਓ ਨੂੰ ਦਿੱਤਾ ਹੈ ਜਿਸ ਦਾ ਨਾਂ ਤਾਂ ਮੌਜੂਦ ਹੈ ਤੇ ਨਾ ਹੀ ਉਹ ਫੰਡ ਇਕੱਠਾ ਕਰਨ ਦੇ ਸਮਰੱਥ ਹੈ। ਇਸ ’ਤੇ ਭਾਜਪਾ ਨੇ ਐੱਮਸੀਡੀ ਦੇ ਅਧਿਕਾਰੀਆਂ ਨੂੰ ਫੰਡ ਜਮ੍ਹਾਂ ਕਰਨ ਦੇ ਹੁਕਮ ਦਿੱਤੇ। ਜਦੋਂਕਿ ਅਜਿਹੇ ਕੰਮਾਂ ਲਈ ਐੱਨਜੀਓ ਖੁਦ ਫੰਡ ਇਕੱਠਾ ਕਰਦੀ ਹੈ। ਇਹ ਸਾਰਾ ਕੰਮ ਗੁਪਤ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਪਰ ਜਦੋਂ ਇੱਕ ਦੁਕਾਨਦਾਰ ਨੇ ਐੱਮਸੀਡੀ ਅਧਿਕਾਰੀਆਂ ਨੂੰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੁਕਾਨ ਨੂੰ ਸੀਲ ਕਰਨ ਦੀ ਧਮਕੀ ਦਿੱਤੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੇ ਐੱਮਸੀਡੀ ਵਿੱਚ ਭ੍ਰਿਸ਼ਟਾਚਾਰ ਦੇ ਕਈ ਨਵੇਂ ਤਰੀਕੇ ਲੱਭੇ ਹਨ। ਹੁਣ ਉਨ੍ਹਾਂ ਨੇ ਚੋਰੀ ਕਰਨ ਦਾ ਤਰੀਕਾ ਵੀ ਲੱਭ ਲਿਆ ਹੈ, ਜੋ ਸ਼ਾਇਦ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਤਰੀਕਾ ਹੋਵੇਗਾ।
ਉਨ੍ਹਾਂ ਕਿਹਾ ਕਿ ਐੱਮਸੀਡੀ ਸਕੂਲਾਂ ਵਿੱਚ ਬਹੁਤ ਸਾਰੇ ਅਜਿਹੇ ਕੰਮ ਹਨ, ਜੋ ਐੱਨਜੀਓਜ਼ ਨੂੰ ਦਿੱਤੇ ਜਾਂਦੇ ਹਨ। ਉਦਾਹਰਣ ਵਜੋਂ ਕਲਾਸਰੂਮ ਨੂੰ ਸਮਾਰਟ ਬਣਾਉਣ ਲਈ, ਕੰਪਿਊਟਰ ਖ਼ਰੀਦਣ ਲਈ ਜਾਂ ਜ਼ਮੀਨ ਤਿਆਰ ਕਰਨ ਲਈ ਅਜਿਹੇ ਕਈ ਕੰਮ ਐੱਨਜੀਓਜ਼ ਨੂੰ ਦਿੱਤੇ ਜਾਂਦੇ ਹਨ। ਉਹ ਐਨ.ਜੀ.ਓਜ਼ ਆਪਣੇ ਤਰੀਕੇ ਨਾਲ ਫੰਡ ਇਕੱਠਾ ਕਰਦੇ ਹਨ। ਉਹ ਕਈ ਕੰਪਨੀਆਂ ਤੋਂ ਫੰਡ ਲੈਂਦੀਆਂ ਹਨ। ਕਈ ਲੋਕ ਦਾਨ ਵੀ ਦਿੰਦੇ ਹਨ। ਅਜਿਹੇ 100 ਤੋਂ ਵੱਧ ਮਾਮਲੇ ਦੱਸੇ ਹਨ, ਜਿਨ੍ਹਾਂ ਵਿੱਚ ਦੱਸਿਆ ਹੈ ਕਿ ਭਾਜਪਾ ਨੇ ਐੱਮਸੀਡੀ ਵਿੱਚ ਐੱਨਜੀਓਜ਼ ਨਾਲ ਮਿਲੀਭੁਗਤ ਕੀਤੀ ਹੈ। ਇਹ ਸਾਰੀਆਂ ਐੱਨਜੀਓਜ਼ ਸਿੱਧੇ ਜਾਂ ਅਸਿੱਧੇ ਤੌਰ ‘ਤੇ ਭਾਜਪਾ ਦੇ ਆਗੂਆਂ ਦੀਆਂ ਹਨ। ਦੁਰਗੇਸ਼ ਪਾਠਕ ਨੇ ਦੱਸਿਆ ਕਿ ‘ਡ੍ਰੌਪ ਇਨ ਓਸ਼ਨ’ ਨਾਮ ਦੀ ਇੱਕ ਐੱਨਜੀਓ ਹੈ, ਪਹਿਲਾਂ ਇਸ ਐਨਜੀਓ ਨੂੰ ਟੈਂਡਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਐਨਜੀਓ ਲਈ ਫੰਡ ਇਕੱਠਾ ਕਰੋਗੇ।