ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਅਗਸਤ
ਇੱਥੋਂ ਦੀ ਦਿੱਲੀ ਯੂਨੀਵਰਸਿਟੀ ਵਿੱਚ ਅੱਜ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਐਨਈਪੀ-2020 ਖ਼ਿਲਾਫ਼ ਉਪ ਕੁਲਪਤੀ ਦੇ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ‘ਦਿੱਲੀ ਯੂਨੀਵਰਸਿਟੀ ਬਚਾਓ’ ਤੇ ‘ਚਾਰ ਸਾਲਾ ਕੋਰਸ ਰੱਦ ਕਰੋ’ ਦੇ ਨਾਅਰੇ ਲਾਏ। ਇਸ ਪ੍ਰਦਰਸ਼ਨ ਵਿੱਚ ‘ਆਇਸਾ’, ਐੱਸਐੱਫਆਈ, ਕ੍ਰਾਂਤੀਕਾਰੀ ਯੁਵਾ ਸੰਗਠਨ ਤੋਂ ਹੋਰ ਵੱਖ-ਵੱਖ ਯੂਨੀਅਨਾਂ ਨੇ ਸ਼ਿਰਕਤ ਕੀਤੀ। ਰੋਸ ਮੁਜ਼ਾਹਰੇ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਪ੍ਰਗਤੀਸ਼ੀਲ ਸੰਗਠਨਾਂ ਨੇ ਡੀਯੂ ਦੇ ਵਾਈਸ-ਚਾਂਸਲਰ ਦੇ ਦਫਤਰ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ ਹੈ, ਜਿੱਥੇ ਕੌਮੀ ਸਿੱਖਿਆ ਨੀਤੀ (ਐਨਈਪੀ) 2020 ਨੂੰ ਲਾਗੂ ਕਰਨ ਲਈ ਅੱਜ ਅਕਾਦਮਿਕ ਕੌਂਸਲ ਦੀ ਮੀਟਿੰਗ ਹੋਣੀ ਸੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੀਆਂ ਵਿਵਸਥਾਵਾਂ ਚਾਰ ਸਾਲਾ ਅੰਡਰ-ਗ੍ਰੈਜੁੂਏਟ ਪ੍ਰੋਗਰਾਮ (ਐੱਫ.ਵਾਈ.ਯੂ.ਜੀ.ਪੀ.) ਨੂੰ ਲਾਗੂ ਕਰਨ ਤੇ ਸਿੱਖਿਆ ਦੇ ਵਿਆਪਕ ਗੈਰ-ਰਸਮੀਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ‘ਐੱਨਈਪੀ-2020 ਰਾਹੀਂ ਭਾਜਪਾ ਸਰਕਾਰ ਗਰੀਬ ਅਤੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੇ ਵਿਦਿਆਰਥੀਆਂ ਲਈ ਕਿੱਤਾਮੁਖੀ ਸਿੱਖਿਆ ਅਤੇ ਸਿੱਖਿਆ ਨੂੰ ਗੈਰ-ਰਸਮੀ ਬਣਾ ਕੇ ਅਸਮਾਨਤਾ ਨੂੰ ਹੁਲਾਰਾ ਦੇ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਗੈਰਰਸਮੀ ਕਿਰਤ ਬਾਜ਼ਾਰ ਵਿੱਚ ਧੱਕਿਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਮੰਗ ਕੀਤੀ ਐੱਨਈਪੀ ਅਤੇ ਐੱਫਵਾਈਯੂਜੀਪੀ ਦੀਆਂ ਨੀਤੀਆਂ ਰੱਦ ਕਰਨ ਦੇ ਨਾਲ-ਨਾਲ ਦਿੱਲੀ ਯੂਨੀਵਰਸਿਟੀ ਵਿੱਚ ਫੀਸਾਂ ’ਚ ਹਾਲ ਹੀ ਵਿੱਚ ਕੀਤੇ ਵਾਧੇ ਨੂੰ ਵਾਪਸ ਲਿਆ ਜਾਵੇ। ਜਥੇਬੰਦੀਆਂ ਨੇ ਕਿਹਾ ਕਿ ‘ਆਇਸਾ ਮੰਗ ਕਰਦੀ ਹੈ ਕਿ ਉਪ ਕੁਲਪਤੀ ਨੂੰ ਯੂਨੀਵਰਸਿਟੀ ਦੇ ਜਨਤਕ ਪ੍ਰਭਾਵ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਐਨਈਪੀ ਅਤੇ ਐਫਵਾਈਯੂਜੀਪੀ ਵਰਗੀਆਂ ਨੀਤੀਆਂ ਦੇ ਲਾਗੂਕਰਨ ਨੂੰ ਵਾਪਸ ਲੈਣਾ ਚਾਹੀਦਾ ਹੈ ਜੋ ਕਿ ਸਮਾਜ ਦੇ ਸਭ ਤੋਂ ਹੇਠਲ ਤਬਕੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਏਆਈਐੱਸਏ ਵਿਦਿਆਰਥੀ ਵਿਰੋਧੀ ਨੀਤੀਆਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖੇਗੀ।