ਨਵੀਂ ਦਿੱਲੀ, 8 ਜੁਲਾਈ
ਦਿੱਲੀ ਯੂਨੀਵਰਸਿਟੀ (ਡੀ.ਯੂ.) ਨੇ ਅੱਜ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਅੰਤਿਮ ਸਾਲ ਦੀ 10 ਜੁਲਾਈ ਤੋਂ ਨਿਰਧਾਰਿਤ ਓਪਨ ਬੁੱਕ ਐਗਜ਼ਾਮੀਨੇਸ਼ਨਜ਼ (ਓਬੀਈ) ਨੂੰ ਅਗਲੇ ਮਹੀਨੇ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਡੀਯੂ ਨੇ ਜਸਟਿਸ ਪ੍ਰਤਿਭਾ ਐਮ ਸਿੰਘ ਨੂੰ ਕਿਹਾ ਕਿ ਯੂਨੀਵਰਸਿਟੀ ਵੱਲੋਂ 15 ਅਗਸਤ ਤੋਂ ਬਾਅਦ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਥੇ ਦੱਸਣਯੋਗ ਹੈ ਕਿ ਅਦਾਲਤ ਨੇ ਵੀਡੀਓ ਕਾਨਫਰੰਸ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ।
ਅਦਾਲਤ ਨੇ ਯੂਨੀਵਰਸਿਟੀ ਦੇ ਫ਼ੈਸਲੇ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘ਦੇਖੋ ਤੁਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਕਿਵੇਂ ਖੇਡ ਰਹੇ ਹੋ।’ ਜਸਟਿਸ ਸਿੰਘ ਨੇ ਡੀਯੂ ਦੇ ਵਕੀਲ ਨੂੰ ਕਿਹਾ, ‘ਤੁਸੀਂ ਆਨਲਾਈਨ ਪ੍ਰੀਖਿਆ ਕਰਾਉਣ ਸਬੰਧੀ ਆਪਣੀਆਂ ਤਿਆਰੀਆਂ ਬਾਰੇ ਇਮਾਨਦਾਰ ਨਹੀਂ ਸੀ। ਤੁਸੀਂ ਕਹਿ ਰਹੇ ਸੀ ਕਿ ਤੁਸੀਂ ਤਿਆਰ ਹੋ ਪਰ ਤੁਹਾਡੀ ਮੁਲਾਕਾਤ ਦਾ ਵੇਰਵਾ ਦਰਸਾਉਂਦਾ ਹੈ ਕਿ ਸਭ ਕੁਝ ਇਸ ਦੇ ਉਲਟ ਸੀ।’ ਡੀਯੂ ਲਈ ਪੇਸ਼ ਹੋਏ ਸੀਨੀਅਰ ਵਕੀਲ ਸਚਿਨ ਦੱਤ ਅਤੇ ਐਡਵੋਕੇਟ ਮਹਿੰਦਰ ਰੁਪਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪ੍ਰੀਖਿਆ 10 ਜੁਲਾਈ ਤੋਂ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀ ਆਨਲਾਈਨ ਪ੍ਰੀਖਿਆਵਾਂ ਲਈ 14 ਮਈ, 30 ਮਈ ਅਤੇ 27 ਜੂਨ ਦੀਆਂ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ ਅਤੇ ਵਾਪਸ ਲੈਣ ਦੀ ਬੇਨਤੀ ਕਰਦਿਆਂ ਡੀਯੂ ਦੇ ਅੰਤਮ ਸਾਲ ਦੇ ਬਹੁਤ ਸਾਰੇ ਵਿਦਿਆਰਥੀਆਂ ਦੀ ਤਰਫੋਂ ਦਾਇਰ ਅਰਜ਼ੀ ਦੀ ਸੁਣਵਾਈ ਕਰ ਰਹੀ ਸੀ। ਇਨ੍ਹਾਂ ਪ੍ਰੀਖਿਆਵਾਂ ਵਿੱਚ ਸਕੂਲ ਆਫ਼ ਓਪਨ ਲਰਨਿੰਗ ਅਤੇ ਗੈਰ-ਕਾਲਜੀਏਟ ਮਹਿਲਾ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਸ਼ਾਮਲ ਸਨ। -ਪੀਟੀਆਈ