ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਫਰਵਰੀ
ਦਿੱਲੀ ਯੂਨੀਵਰਸਿਟੀ ਆਫ਼ ਸਕਿੱਲਜ਼ ਐਂਡ ਐਂਟਰਪ੍ਰਿਨਿਓਰਸ਼ਿਪ (ਡੀਐੱਸਈਯੂ) ਦੇ ਸਾਰੇ 15 ਕੈਂਪਸਾਂ ਵਿੱਚ ਸੋਮਵਾਰ ਤੋਂ ਆਫ਼ਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ। ਯੂਨੀਵਰਸਿਟੀ ਨੇ ਦਸੰਬਰ 2021 ਵਿੱਚ ਵਿਦਿਆਰਥੀਆਂ ਦਾ ਆਪਣਾ ਪਹਿਲਾ ਅਕਾਦਮਿਕ ਸਾਲ ਸ਼ੁਰੂ ਕੀਤਾ ਸੀ। ਇਸ ਵਿੱਚ 15 ਫੁੱਲ ਟਾਈਮ ਡਿਪਲੋਮਾ, 4 ਪਾਰਟ ਟਾਈਮ ਡਿਪਲੋਮਾ, 12 ਲੈਟਰਲ ਐਂਟਰੀ ਡਿਪਲੋਮਾ, 11 ਫਲੈਗਸ਼ਿਪ ਡਿਗਰੀ ਪ੍ਰੋਗਰਾਮ, ਕੰਪਿਊਟਰ ਇੰਜਨੀਅਰਿੰਗ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ 5 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ। ਵੀਸੀ ਪ੍ਰੋ. ਨਿਹਾਰਿਕਾ ਵੋਹਰਾ ਨੇ ਕਿਹਾ ਕਿ ਸਾਰੇ ਇਸ ਦਿਨ ਦਾ ਪਹਿਲੇ ਦਿਨ ਤੋਂ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਦਸੰਬਰ ਵਿੱਚ ਜਦੋਂ ਡੀਐੱਸਈਯੂ ਦੇ ਪਹਿਲੇ ਅਕਾਦਮਿਕ ਸਾਲ ਲਈ ਓਰੀਐਂਟੇਸ਼ਨ ਦਾ ਆਯੋਜਨ ਕੀਤਾ ਸੀ, ਉਦੋਂ ਤੋਂ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਦੇਖਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਆਪਣੇ ਸਾਰੇ ਕੈਂਪਸਾਂ ਵਿੱਚ ਡਿਪਲੋਮਾ ਅਤੇ ਡਿਗਰੀ ਪ੍ਰੋਗਰਾਮਾਂ ਲਈ ਇੱਕ ਸਹਿਜ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ। ਅੱਜ ਸਾਡੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਦੇਖ ਕੇ ਬਹੁਤ ਵਧੀਆ ਲੱਗਿਆ। ਡੀਐੱਸਈਯੂ ਦੇ ਰਜਿਸਟਰਾਰ ਅਸ਼ਵਨੀ ਕਾਂਸਲ ਨੇ ਕਿਹਾ ਕਿ ਆਫਲਾਈਨ ਕਲਾਸਾਂ ਲਈ ਕੈਂਪਸ ਵਿੱਚ ਵਿਦਿਆਰਥੀਆਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਪਹਿਲ ਹੈ।