ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਦੇ ਨਵੇਂ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਦਿੱਲੀ ਦੇ ਰਾਜ ਨਿਵਾਸ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਸੰਸਦ ਮੈਂਬਰਾਂ ਲਈ ਕੁਰਸੀਆਂ ਦਾ ਸਹੀ ਪ੍ਰਬੰਧ ਨਾ ਕੀਤੇ ਜਾਣ ਤੋਂ ਖਫ਼ਾ ਦਿੱਲੀ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਸਮਾਗਮ ਅੱਧ-ਵਿਚਾਲੇ ਹੀ ਛੱਡ ਗਏ। ਸਹੁੰ ਚੁੱਕ ਸਮਾਗਮ ਦੌਰਾਨ ਦਿੱਲੀ ਤੋਂ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਡਾ. ਹਰਸ਼ਵਰਧਨ ਸੰਸਦ ਮੈਂਬਰਾਂ ਦੇ ਬੈਠਣ ਲਈ ਕੀਤੇ ਪ੍ਰਬੰਧ ਤੋਂ ਖਫ਼ਾ ਹੋ ਗਏ। ਉਨ੍ਹਾਂ ਦਾ ਇੱਕ ਛੋਟਾ ਵੀਡੀਓ ਵੀ ਵਾਇਰਲ ਹੋਇਆ ਜਿਸ ਵਿੱਚ ਉਹ ਆਖਦੇ ਸੁਣਾਈ ਦਿੰਦੇ ਹਨ, ‘ਮੈਂ ਵਿਨੈ ਕੁਮਾਰ ਸਕਸੈਨਾ ਜੀ ਨੂੰ ਲਿਖਾਂਗਾ ਕਿ ਇਹ ਕੀ ਪ੍ਰਬੰਧ ਹਨ। ਉਨ੍ਹਾਂ ਸੰਸਦ ਮੈਂਬਰਾਂ ਲਈ ਵੀ ਕੋਈ ਸੀਟ ਨਹੀਂ ਦਿੱਤੀ।’ ਮਾਮਲੇ ਸਬੰਧੀ ਪੁੱਛੇ ਜਾਣ ’ਤੇ ਵੀ ਉਨ੍ਹਾਂ ਉਕਤ ਗੱਲ ਹੀ ਕਹੀ। ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵੀ ਪਿੱਛੇ ਦੀਆਂ ਕੁਰਸੀਆਂ ਉੱਪਰ ਬੈਠੇ ਦਿਖਾਈ ਦਿੱਤੇ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਤੇ ਮੀਨਕਾਸ਼ੀ ਲੇਖੀ ਵੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਸਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵੇਂ ਐਲਜੀ ਨੇ ਡਾ. ਹਰਵਰਧਨ ਬਾਰੇ ਕੀਤੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।