ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਵਿਭਾਗ ਦੇ ਸੈਮੀਨਾਰ ਹਾਲ ਵਿਚ ਡਾ. ਹਰਿਭਜਨ ਸਿੰਘ ਯਾਦਗਾਰੀ ਭਾਸ਼ਣ ‘ਕਿੱਸਾ ਦੁਰੇਡੀ ਤੰਦ ਦਾ’ ਵਿਸ਼ੇ ਅਧੀਨ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਰਾਹੀਂ ਦੱਸਿਆ ਹੈ ਕਿ ਡਾ. ਹਰਿਭਜਨ ਸਿੰਘ ਸਾਡਾ ਪਹਿਲਾ ਅਧਿਆਪਕ ਤੇ ਚਿੰਤਕ ਹੈ ਜਿਸ ਨੇ ਸਿਧਾਂਤ, ਸਮੀਖਿਆ ਅਤੇ ਚਿੰਤਨ ਪ੍ਰਣਾਲੀਆਂ ਦੀ ਵਿਆਖਿਆ ਦਾ ਰੁਖ ਵਿਦਵਾਨ ਕੇਂਦਰਿਤ ਵੱਲੋਂ ਹਟਾ ਕੇ ਵਿਦਿਆਰਥੀ ਕੇਂਦਰਿਤ ਕੀਤਾ। ਸੈਮੀਨਾਰ ਦੇ ਮੁੱਖ ਵਕਤਾ ਵਜੋਂ ਆਏ ਮਦਨ ਗੋਪਾਲ ਸਿੰਘ (ਪੁੱਤਰ ਡਾ. ਹਰਿਭਜਨ ਸਿੰਘ) ਨੇ ਆਪਣੇ ਭਾਸ਼ਣ ਦਾ ਆਗਾਜ਼ ਮੁਇਨੁਦੀਨ ਚਿਸ਼ਤੀ ਦੇ ਇੱਕ ਸ਼ੇਅਰ ਨਾਲ ਕੀਤਾ। ਪੰਜਾਬੀ ਦੇ ਮਕਬੂਲ ਸ਼ਾਇਰਾਂ ਅਤੇ ਕਵੀਆਂ ਦੀ ਕਾਵਿ ਕਿਰਤਾਂ ਦੀ ਸ਼ਲਾਘਾ ਕਰਦਿਆਂ ਪੰਜਾਬੀ ਕਵਿਤਾ ਦੀ ਸੁਰ ਅਤੇ ਬਿੰਬ ਤੋਂ ਜਾਣੂ ਕਰਵਾਇਆ। ਡਾ. ਹਰਿਭਜਨ ਸਿੰਘ ਦੀ ਫ਼ਕੀਰੀ ਬਾਰੇ ਗੱਲ ਕਰਦਿਆਂ ਮਦਨ ਗੋਪਾਲ ਨੇ ਕਿਹਾ ਕਿ ਡਾ. ਹਰਿਭਜਨ ਸਿੰਘ ਅਜਿਹੇ ਸ਼ਖ਼ਸ ਸਨ ਜੋ ਸਾਢੇ ਅੱਠ ਸਾਲ ਦੀ ਉਮਰ ਵਿਚ ਹੀ ਯਤੀਮ ਹੋ ਗਏ ਸਨ। ਉਨ੍ਹਾਂ ਕਿਹਾ ਮੇਰੇ ਪਿਤਾ ਇੱਕ ਮਸਤ ਪਾਂਧੀ ਸਨ ਜੋ ਤੁਰਦੇ ਰਹਿਣ ਵਿਚ ਹੀ ਯਕੀਨ ਰੱਖਦੇ ਸਨ ਅਤੇ ਅਖੀਰ ਵਿਚ ਅਜੋਕੇ ਯੁੱਗ ਦੀ ਦੁਖਾਂਤਕ ਸਥਿਤੀ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਡਾ ਵਿਕਾਸ ਹੀ ਖ਼ਤਮ ਕਰ ਰਿਹਾ ਹੈ। ਅਸੀਂ ਉਸ ਪੜਾਅ ਉੱਤੇ ਆਣ ਪਹੁੰਚੇ ਹਾਂ ਕਿ ‘ਜਿੱਥੇ ਪਹਾੜ ਕਿਰਦੇ ਨਹੀਂ ਸਗੋਂ ਗਿਰਦੇ ਹਨ’। ਇਸ ਤੋਂ ਬਾਅਦ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਡਾ. ਹਰਿਭਜਨ ਸਿੰਘ ਅਤੇ ਮਦਨ ਗੋਪਾਲ ਸਿੰਘ ਦੀ ਫਕੀਰੀ ਤੋਂ ਬਹੁਤ ਪ੍ਰਭਾਵਿਤ ਹਾਂ। ਇਸ ਉਪਰੰਤ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਡਾ. ਹਰਿਭਜਨ ਸਿੰਘ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਹੈ।