ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਦਿੱਲੀ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਤੱਕ ਆਮਦਨ ਕਰ ਪ੍ਰਮਾਣ ਪੱਤਰ, ਡਰਾਈਵਿੰਗ ਲਾਇਸੈਂਸ ਤੇ ਨਵੇਂ ਪਾਣੀ ਕੁਨੈਕਸ਼ਨਾਂ ਸਮੇਤ ਹੋਰ ਅਜਿਹੀਆਂ ਹੀ ਕਰੀਬ 100 ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ, ਜੋ ਕਰੋਨਾ ਮਹਾਮਾਰੀ ਐਕਟ ਲਾਗੂ ਹੋਣ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ। ਇਹ ਸੇਵਾਵਾਂ ਫੋਨ ਨੰਬਰ 1076 ਉਪਰ ਬੁੱਕ ਕੀਤੀਆਂ ਜਾ ਸਕਦੀਆਂ ਹਨ ਜਾਂ 46 ਕੇਂਦਰਾਂ ਵਿੱਚ ਬੁੱਕ ਕਰਵਾਈਆਂ ਜਾ ਸਕਦੀਆਂ ਹਨ। ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੌਤ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਉਕਤ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ 100 ਸੇਵਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਮੁਹਿੰਮ ਇਸ ਹਫ਼ਤੇ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਨੇ ਇਕ ਪ੍ਰਾਈਵੇਟ ਕੰਪਨੀ ਨੂੰ ਕਿਰਾਏ ‘ਤੇ ਲਿਆ ਹੈ, ਜਿਸ ਰਾਹੀਂ ਇਸ ਦੀਆਂ ਸੇਵਾਵਾਂ ਨਾਗਰਿਕਾਂ ਦੇ ਬੂਹੇ’ ਤੇ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕੰਪਨੀ ਨੇ ‘ਮੋਬਾਈਲ ਸਹਾਇਕ’ ਰੱਖੇ ਹਨ। ਮੋਬਾਈਲ ਸਹਾਇਕ ਸਾਰੇ ਲੋੜੀਂਦੇ ਉਪਕਰਨ ਜਿਵੇਂ ਬਾਇਓਮੀਟ੍ਰਿਕ ਉਪਕਰਨ ਤੇ ਇੱਕ ਕੈਮਰਾ ਨਾਲ ਲੈਸ ਹੋਵੇਗਾ। ਜੇ ਕੋਈ ਵਿਅਕਤੀ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 1076 ‘ਤੇ ਕਾਲ ਕਰਨੀ ਪਏਗੀ ਤੇ ਵੇਰਵੇ ਦੇਣੇ ਪੈਣਗੇ। ਇਸ ਤੋਂ ਬਾਅਦ ਏਜੰਸੀ ਇੱਕ ਮੋਬਾਈਲ ਸਹਾਇਕ ਨਿਰਧਾਰਤ ਕਰੇਗੀ ਜੋ ਬਿਨੈਕਾਰ ਦੇ ਘਰ ਜਾਵੇਗਾ ਅਤੇ ਲੋੜੀਂਦੇ ਵੇਰਵੇ ਤੇ ਦਸਤਾਵੇਜ਼ ਪ੍ਰਾਪਤ ਕਵੇਗਾ।