ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਉੱਤਰ -ਪੱਛਮੀ ਦਿੱਲੀ ਦੇ ਪੀਤਮਪੁਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਤਿੰਨ ਡਾਕਟਰਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਜਦੋਂ ਇੱਕ ਨਵਜੰਮੇ ਬੱਚੇ ਦੀ ਸੀਜ਼ੇਰੀਅਨ ਪ੍ਰਕਿਰਿਆ ਦੌਰਾਨ ਮੌਤ ਹੋ ਗਈ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲਿਆ ਗਿਆ ਨੇ ਦੋਸ਼ ਲਾਇਆ ਕਿ ਬੱਚੇ ਦੀ ਮੌਤ ‘ਡਾਕਟਰਾਂ ਦੀ ਲਾਪਰਵਾਹੀ’ ਕਾਰਨ ਹੋਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰਾਣੀ ਬਾਗ ਦੀ ਰਹਿਣ ਵਾਲੀ ਇੱਕ 26 ਸਾਲਾ ਗਰਭਵਤੀ ਨੂੰ ਮੰਗਲਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਕੁਝ ਪੇਚੀਦਗੀਆਂ ਕਾਰਨ ਡਾਕਟਰਾਂ ਨੇ ਗਰਭਵਤੀ ਦਾ ਸੀਜ਼ੇਰੀਅਨ ਕੀਤਾ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ ਔਰਤ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨਾਲ ਝਗੜਾ ਕੀਤਾ ਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਉਨ੍ਹਾਂ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਡਾਕਟਰ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਡਾਕਟਰਾਂ ਨਾਲ ਬਦਸਲੂਕੀ ਕਰਨ ਤੇ ਹਸਪਤਾਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪੁਲੀਸ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਅੱਗੇ ਕਿਹਾ ਕਿ ਤਿੰਨ ਡਾਕਟਰਾਂ ਦੀ ਐੱਮਐੱਲਸੀ (ਮੈਡੀਕੋ-ਲੀਗਲ ਕੇਸ) ਦੀ ਰਿਪੋਰਟ ਵਿੱਚ ਉਨ੍ਹਾਂ ਦੀਆਂ ਸੱਟਾਂ ਸਧਾਰਨ ਸਨ।
ਡਿਪਟੀ ਪੁਲੀਸ ਕਮਿਸ਼ਨਰ (ਉੱਤਰ -ਪੱਛਮ) ਉਸ਼ਾ ਰੰਗਨਾਨੀ ਨੇ ਦੱਸਿਆ ਕਿ ਡਾਕਟਰ ਦੀ ਸ਼ਿਕਾਇਤ ਅਤੇ ਐੱਮਐੱਲਸੀ ਦੇ ਆਧਾਰ ’ਤੇ ਧਾਰਾ 323, 341ਤੇ 34 ਅਧੀਨ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।