ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਦੇ ਬਾਹਰੀ ਇਲਾਕੇ ਮਹਿਰੌਲ ਕੋਲ ਪਿੰਡ ਗਦਾਈਪੁਰ ਵਿਖੇ ਗੋਬਿੰਦ ਸਦਨ ਵਿੱਚ ਦੀਵਾਲੀ ਰਵਾਇਤੀ ਤਰੀਕੇ ਨਾਲ ਸਾਦੇ ਰੂਪ ਵਿੱਚ ਮਨਾਈ ਗਈ ਤੇ ਬਾਬਾ ਹਰਦੀਪ ਸਿੰਘ ਵੱਲੋਂ ਲੋਕਾਂ ਨੂੰ ਇਸ ਮੌਕੇ ਤੋਹਫ਼ੇ ਦਿੱਤੇ ਗਏ। ਬਾਬਾ ਵਿਰਸਾ ਸਿੰਘ ਜੀ ਮਹਾਰਾਜ ਯਾਦਗਾਰੀ ਟਰੱਸਟ ਤੇ ਬਾਬਾ ਵਿਰਸਾ ਸਿੰਘ ਫਾਊਂਡੇਸ਼ਨ ਵੱਲੋਂ ਉਲੀਕੇ ਗਏ ਇਸ ਸਮਾਗਮ ਦੌਰਾਨ ਹਰੇਕ ਧਰਮ ਅਤੇ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਣਬੀਰ ਸਿੰਘ ਖੰਨਾ, ਮੈਰੀ ਪੈੱਟ ਫਿਸ਼ਰ ਤੇ ਰੂਸ ਤੋਂ ਆਈਆਂ ਬਾਬਾ ਵਿਰਸਾ ਸਿੰਘ ਦੀਆਂ ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਦੀਪਮਾਲਾ ਕੀਤੀ। ਲੋਕਾਂ ਨੂੰ ਟਰੱਸਟ ਤੇ ਫਾਊਂਡੇਸ਼ਨ ਵੱਲੋਂ ਤੋਹਫ਼ੇ ਵੰਡੇ ਗਏ ਅਤੇ ਸ਼ਾਂਤੀ, ਭਾਈਚਾਰਕ ਸਾਂਝ ਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਗੋਬਿੰਦ ਸਦਨ ਵਿਖੇ ਹਰ ਸਾਲ ਹੀ ਸਾਰੇ ਵਰਗਾਂ ਦੇ ਲੋਕ ਮਿਲ ਕੇ ਦੀਵਾਲੀ ਤੇ ਹੋਰ ਤਿਓਹਾਰ ਮਨਾਉਣ ਦੀ ਪ੍ਰਿਤ ਬਾਬਾ ਵਿਰਸਾ ਸਿੰਘ ਨੇ ਪਾਈ ਸੀ ਜੋ ਹੁਣ ਵੀ ਬਰਕਰਾਰ ਹੈ। ਕਰੋਨਾ ਮਹਾਮਾਰੀ ਦੌਰਾਨ ਨਿਯਮਾਂ ਦੀ ਪਾਲਣਾ ਕੀਤੀ ਗਈ।