ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਕਤੂਬਰ
ਦਿੱਲੀ ਪੁਲੀਸ ਨੇ ਦੀਵਾਲੀ ਦੇ ਮੱਦੇਨਜ਼ਰ ਬਾਜ਼ਾਰਾਂ, ਮਾਲਾਂ ਅਤੇ ਭਾਰੀ ਭੀੜ ਵਾਲੇ ਖੇਤਰਾਂ ‘ਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਖਾਸ ਤੌਰ ‘ਤੇ ਬਾਜ਼ਾਰਾਂ, ਮਾਲਾਂ ਅਤੇ ਭੀੜ ਨੂੰ ਖਿੱਚਣ ਦੀ ਸੰਭਾਵਨਾ ਵਾਲੀਆਂ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਾਰੇ ਕਰਮਚਾਰੀ ਹਾਈ ਅਲਰਟ ‘ਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮ ਬਾਜ਼ਾਰ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਤਾਇਨਾਤ ਕੀਤੇ ਗਏ ਹਨ। ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਗਸ਼ਤ ਤੇਜ਼ ਕਰ ਦਿੱਤੀ ਹੈ, ਵਾਧੂ ਪੁਲੀਸ ਨਾ ਕੇ ਲਗਾਏ ਗਏ ਹਨ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਤਿਵਾਦ-ਵਿਰੋਧੀ ਦ੍ਰਿਸ਼ਟੀਕੋਣ ਤੋਂ ਕੋਈ ਵੀ ਸਮਾਜ-ਵਿਰੋਧੀ ਜਾਂ ਦੇਸ਼-ਵਿਰੋਧੀ ਤੱਤ ਕਿਸੇ ਦੀ ਜਾਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਨਾ ਦੇਵੇ। ਹੁੱਡਾ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਅਤ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸਕੂਟਰਾਂ ‘ਤੇ ਮੁੱਖ ਚੌਰਾਹਿਆਂ ‘ਤੇ ਵੀ ਗਸ਼ਤ ਜਾਰੀ ਸੀ। ਇਸ ਦੌਰਾਨ ਪੁਲੀਸ ਡਿਪਟੀ ਕਮਿਸ਼ਨਰ (ਡੀਸੀਪੀ) (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਤਾਇਨਾਤ ਮੁਲਾਜ਼ਮਾਂ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਸੁਝਾਅ ਵੀ ਲਏ। ਦੱਖਣ-ਪੱਛਮੀ ਜ਼ਿਲ੍ਹੇ ਵਿੱਚ ਬੱਚਿਆਂ ਤੇ ਵਿਦਿਆਰਥੀਆਂ, ਔਰਤਾਂ, ਬਜ਼ੁਰਗ ਨਾਗਰਿਕਾਂ ਵਿੱਚ ਰੋਕਥਾਮ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਰੋਜਨੀ ਨਗਰ ਮਾਰਕੀਟ ਵਿੱਚ ਇੱਕ ਸਾਈਬਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਤਿਉਹਾਰਾਂ ਕਾਰਨ ਅਲਰਟ ’ਤੇ ਫਰੀਦਾਬਾਦ ਪੁਲੀਸ
ਫਰੀਦਾਬਾਦ (ਪੱਤਰ ਪ੍ਰੇਰਕ): ਦੀਵਾਲੀ ਦੇ ਮੱਦੇਨਜ਼ਰ ਫਰੀਦਾਬਾਦ ਪੁਲੀਸ ਅਲਰਟ ‘ਤੇ ਹੈ। ਇਸ ਵਾਰ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਫਰੀਦਾਬਾਦ ਸ਼ਹਿਰ ਵਿੱਚ ਭੀੜ-ਭੜੱਕੇ ਵਾਲੀ ਥਾਂ ’ਤੇ ਸੀਸੀਟੀਵੀ ਕੈਮਰਿਆਂ ਅਤੇ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ਰਾਹੀਂ ਪੁਲੀਸ ਤਿੱਖੀ ਨਜ਼ਰ ਰੱਖ ਰਹੀ ਹੈ। ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਭੀੜ-ਭੜੱਕੇ ਵਾਲੇ ਖੇਤਰਾਂ ਜਿਵੇਂ ਕਿ ਬਾਜ਼ਾਰ ਸ਼ਾਪਿੰਗ ਕੰਪਲੈਕਸ, ਮਾਲ ਆਦਿ ਵਿੱਚ ਸਾਦੇ ਕੱਪੜਿਆਂ ਵਿੱਚ ਲਗਭਗ 250 ਪੁਲੀਸ ਮੁਲਾਜ਼ਮਾਂ ਤਾਇਨਾਤ ਕੀਤੇ ਹਨ। ਭਲਕੇ ਦੀਵਾਲੀ ਦੇ ਮੌਕੇ ‘ਤੇ ਬਾਜ਼ਾਰਾਂ ‘ਚ ਭੀੜ ਨੂੰ ਦੇਖਦੇ ਹੋਏ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਸਾਦੇ ਕੱਪੜਿਆਂ ਵਿੱਚ ਮਰਦ ਅਤੇ ਮਹਿਲਾ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ।