ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜੂਨ
ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਸਾਰੇ ਮੁਖੀ, ਮਿਊਂਸੀਪਲ ਕਾਰਪੋਰੇਸ਼ਨਾਂ ਦੇ ਡਿਪਟੀ ਕਮਿਸ਼ਨਰ ਤੇ ਦਿੱਲੀ ਪੁਲੀਸ ਦੇ ਡੀਸੀਪੀ ਹੁਣ ਕੌਮੀ ਰਾਜਧਾਨੀ ਦੀ ਕੋਵਿਡ-19 ਸਥਿਤੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਜ਼ਿਲ੍ਹਾ ਮੈਜਿਸਟਰੇਟਾਂ ਦੀ ਕਮਾਂਡ ਹੇਠ ਕੰਮ ਕਰਨਗੇ। ਦਿੱਲੀ ਦੇ ਮੁੱਖ ਸਕੱਤਰ ਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰਾਜ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਵਿਜੈ ਦੇਵ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚ ਸਮੁੱਚੀ ਕਮਾਂਡ ਦੇਣ ਦਾ ਅਧਿਕਾਰ ਦਿੱਤਾ ਹੈ ਤੇ ਵੱਖ-ਵੱਖ ਅਧਿਕਾਰੀਆਂ ਨੂੰ ਉਨ੍ਹਾਂ ਦੇ ਆਦੇਸ਼ਾਂ ਨੂੰ ਲਾਗੂ ਕਰਨਾ ਹੋਵੇਗਾ।
ਸ੍ਰੀ ਦੇਵ ਦੁਆਰਾ ਜਾਰੀ ਇੱਕ ਆਦੇਸ਼ ਦੇ ਅਨੁਸਾਰ ਸਾਰੇ ਜ਼ਿਲ੍ਹਾ ਮੈਜਿਸਟਰੇਟ ਕੋਵੀਡ-19 ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦੇ ਪ੍ਰਬੰਧਨ ’ਤੇ ਨਿਗਰਾਨੀ ਲਈ ਪ੍ਰਬੰਧਕੀ ਮੁਖੀ ਵਜੋਂ ਕੰਮ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਪ ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਐਤਵਾਰ ਨੂੰ ਵੱਧ ਰਹੇ ਕੋਵਿਡ-19 ਕੇਸਾਂ ਨਾਲ ਨਜਿੱਠਣ ਦੀ ਰਣਨੀਤੀ ’ਤੇ ਵਿਚਾਰ ਵਟਾਂਦਰੇ ਲਈ ਮੀਟਿੰਗ ਕੀਤੀ ਸੀ। ਹੁਕਮ ਵਿੱਚ ਕਿਹਾ ਗਿਆ ਕਿ ਜ਼ਿਲ੍ਹੇ ਵਿਚ ਇਕਜੁੱਟ ਕਮਾਂਡ ’ਤੇ ਕੰਟਰੋਲ ਹੋਵੇਗਾ ਤੇ ਇਸ ਲਈ ਦਿੱਲੀ ਪੁਲੀਸ ਦੇ ਸਾਰੇ ਡੀਸੀਪੀ, ਮਿਊਂਸੀਪਲ ਕਾਰਪੋਰੇਸ਼ਨਾਂ ਦੇ ਡਿਪਟੀ ਕਮਿਸ਼ਨਰ, ਹੋਰ ਵਿਭਾਗਾਂ ਦੇ ਸਾਰੇ ਜ਼ਿਲ੍ਹਾ ਮੁਖੀ ਤੇ ਦਿੱਲੀ ਸਰਕਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਮੁਖੀ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਰਿਪੋਰਟ ਦੇਣਗੇ ਤੇ ਕੋਵਿਡ-19 ਮਹਾਂਮਾਰੀ ਦੇ ਪ੍ਰਬੰਧ ਲਈ ਉਨ੍ਹਾਂ ਦੀ ਕਮਾਂਡ ’ਤੇ ਨਿਗਰਾਨੀ ਹੇਠ ਕੰਮ ਕਰਨਗੇ। ਨਗਰ ਨਿਗਮਾਂ ਦੇ ਡੀਸੀਪੀ ਤੇ ਡੀਸੀ ਸਮੇਤ ਸਾਰੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਸਾਰੇ ਵਿਭਾਗ, ਖੁਦਮੁਖਤਿਆਰੀ ਸੰਸਥਾਵਾਂ, ਸਥਾਨਕ ਸੰਸਥਾਵਾਂ ਤੇ ਦਿੱਲੀ ਪੁਲੀਸ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੀਆਂ।
ਕੇਜਰੀਵਾਲ ਦੀ ਉੱਪ ਰਾਜਪਾਲ ਨਾਲ ਮੁਲਾਕਾਤ
ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਵਿੱਚ ਕੋਵਿਡ-19 ਪ੍ਰਬੰਧਨ ਬਾਰੇ ਇੱਕ ਮੀਟਿੰਗ ਕੀਤੀ। ਬੈਠਕ ਦੇ ਮਾਹਿਰ ਪੈਨਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਗ੍ਰਹਿ), ਪ੍ਰਮੁੱਖ ਸਕੱਤਰ ਸਿਹਤ ਤੇ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮਲ ਸਨ। ਦਿੱਲੀ ਵਿਚ ਹੁਣ ਤੱਕ ਕੁਲ 44 ਹਜ਼ਾਰ ਤੋਂ ਪਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਕਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ, ਜਿਨ੍ਹਾਂ ’ਚੋਂ 2,635 ਕਿਰਿਆਸ਼ੀਲ ਹਨ। ਲਾਗ ਤੋਂ 16,500 ਮਰੀਜ਼ ਠੀਕ ਹੋ ਗਏ ਹਨ ਜਦਕਿ 1837 ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ। ਦਿੱਲੀ ਸਿਹਤ ਵਿਭਾਗ ਦੇ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਪਿੱਛਲੇ 24 ਘੰਟਿਆਂ ਵਿਚ 93 ਮੌਤਾਂ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਬੁਲੇਟਿਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਕੱਠੇ ਕੀਤੇ ਅੰਕੜਿਆਂ ਵਿੱਚ ਡੈਥ ਆਡਿਟ ਕਮੇਟੀ ਦੁਆਰਾ ਰਿਪੋਰਟ ਕੀਤੇ ਗਏ ਅਤੇ ਪਹਿਲਾਂ ਹੋਈਆਂ ਮੌਤਾਂ ਵੀ ਸ਼ਾਮਲ ਹਨ। 12 ਤੋਂ 14 ਜੂਨ ਤੱਕ ਸ਼ਹਿਰ ਵਿਚ ਪ੍ਰਤੀ ਦਿਨ 2 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ।