ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਡਾ. ਮਨਮੋਹਨ ਦੇ ਨਾਵਲ ‘ਸਹਜ ਗੁਫਾ ਮਹਿ ਆਸਣੁ’ ’ਤੇ ਪੈਨਲ-ਚਰਚਾ ਹੋਈ। ਇਸ ਦੇ ਪ੍ਰਮੁੱਖ ਪੈਨਲ ਵਕਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਮਰਜੀਤ ਸਿੰਘ ਸਨ। ਇਸ ਦਾ ਸੰਚਾਲਨ ਦਿੱਲੀ ਯੂਨੀਵਰਸਿਟੀ, ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਵੇਲ ਸਿੰਘ ਨੇ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਪਿਛਲੇ ਸਮੇਂ ਤੋਂ ਲਗਾਤਾਰ ਚਲ ਰਹੀਆਂ ਸਦਨ ਦੀਆਂ ਅਕਾਦਮਿਕ ਤੇ ਸਾਹਿਤਕ ਗਤੀਵਿਧੀਆਂ ਦਾ ਜ਼ਿਕਰ ਕੀਤਾ। ਡਾ. ਰਵੇਲ ਸਿੰਘ ਨੇ ਭਰਥਰੀ ਹਰੀ ਦੇ ਜੀਵਨ ’ਤੇ ਅਧਾਰਿਤ ਨਾਵਲ ‘ਸਹਜ ਗੁਫਾ ਮਹਿ ਆਸਣੁ’ ਬਾਰੇ ਸੰਖੇਪ ਵਿੱਚ ਜਾਣ-ਪਛਾਣ ਕਰਾਈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਨਾਵਲ ਨੂੰ ਵਿਲੱਖਣ ਕਿਸਮ ਦੀ ਰਚਨਾ ਕਹਿੰਦਿਆਂ ਇਸ ਦੀ ਸਿਰਜਣ ਪ੍ਰਕ੍ਰਿਆ ਬਾਰੇ ਅਹਿਮ ਗੱਲਾਂ ਕੀਤੀਆਂ। ਡਾ. ਅਮਰਜੀਤ ਸਿੰਘ ਨੇ ਇਸ ਦੇ ਸਿਰਲੇਖ ਨੂੰ ਉਭਾਰਦਿਆਂ ਪੱਛਮੀ ਤੇ ਭਾਰਤੀ ਦਾਰਸ਼ਨਿਕ ਪਰੰਪਰਾਵਾਂ ਦੇ ਪਰੀਪੇਖ ’ਚ ਇਸ ਦੇ ਦਵੰਦ ’ਚੋਂ ਸੰਪੂਰਨਤਾ ਤਕ ਦੇ ਸਫਰ ਨੂੰ ਗੁਰਬਾਣੀ ਦੇ ਰਸਿਕ ਬੈਰਾਗੀ ਅਤੇ ਭਾਰਤੀ ਪਰੰਪਰਾ ਦੇ ਅਮਰ ਤੱਤ ਦੇ ਫਲ ਰਾਹੀਂ ਦ੍ਰਿਸ਼ਟਮਾਨ ਕੀਤਾ। ਡਾ. ਮਨਮੋਹਨ ਨੇ ਆਪਣੇ ਪੜ੍ਹਨ-ਲਿਖਣ ਦੇ ਅਨੁਭਵ ਨੂੰ ਸਰੋਤਿਆਂ ਨਾਲ ਸਾਂਝਾ ਕਰਦਿਆਂ ਇਸ ਚਰਿੱਤਰ ਆਧਾਰਿਤ ਨਾਵਲ ਦੀ ਸਿਰਜਣ ਪ੍ਰਕ੍ਰਿਆ ਨੂੰ ਉਭਾਰਦਿਆਂ ਉਨ੍ਹਾਂ ਪਾਤਰਾਂ ਦੀ ਗੱਲ ਕੀਤੀ ਜੋ ਜੀਵਨ ਸੰਘਰਸ਼ ’ਚ ਵੰਨ ਸੁਵੰਨੇ ਉਤਾਰ-ਚੜ੍ਹਾਵਾਂ ’ਚੋਂ ਗੁਜ਼ਰਦਿਆਂ ਪਰਮ ਸੱਚ ਦੀ ਭਾਲ ’ਚ ਰੁੱਝੇ ਰਹੇ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।